ਰਵਾਇਤੀ ਕਦਰਾਂ ਨੂੰ ਸਮਰਪਿਤ

ਪੱਖੇ ਵਾਲੀ ਚਿੜੀ

By Inspiration.ca / March 19, 2025

ਘਸਮੈਲੇ ਚਾਨਣ ਵਿਚ, ਕਿਤਾਬ ਦੇ ਅੱਖਰ

ਝਕਾਨੀਆਂ ਦੇਕੇ, ਛੱਤ ਵਲ ਤੁਰ ਖਿਲਰ ਗਏ।

ਅੱਖਰਾਂ ਦਾ ਧੋਖਾ ਹੈ ਜਾਂ ਉਸਦੀ ਬੇਈਮਾਨੀ

ਪੱਖੇ ਤੇ ਬੈਠੀ ਚਿੜੀ ਨੇ ਜਿਵੇਂ ਸੁਣ ਲਿਆ ਹੋਵੇ।

ਚਿੜੀ ਸ਼ਾਇਦ ਜਾਣਦੀ ਹੈ ਸਾਰੀ ਕਹਾਣੀ

 ਇਹ ਉਧਰੋਂ ਹੀ ਆਈ ਹੈ,ਸਿਪੀਆਂ ਦੇ ਸ਼ਹਿਰੋਂ।

ਮੰਨ ਆਈ ਕਰਦਿਆਂ, ਚਿੜੀ ਨੇ ਉਡਾਰੀ ਭਰੀ।

ਉੱਥੇ ਹੀ ਬੈਠ ਗਈ, ਜਿੱਥੋਂ ਉਠੀ ਸੀ।

ਸਮਝ ਨਹੀ ਆਇਆ,ਚਿੜੀ ਦਾ ਕਿਹਾ ਹੋਇਆ।

ਵੇਖ ਰਹੀ ਹੈ ਢੋਇਆ ਹੋਇਆ ਬੂਹਾ

 ਜੋ ਅਜੇ ਬੰਦ ਨਹੀ ਹੋਇਆ

ਅੱਧ-ਖੁਲੇ ਬੂਹੇ ਵਲ ਵੇਖ ਰਹੀ ਚਿੜੀ

 ਪਤਾ ਨਹੀ ਮਾਂ ਹੈ ਜਾਂ ਬੇਟੀ।

ਪਤਾ ਨਹੀ ਚਿੜੀ ਵਾਸਤੇ ਹੁਣ ਦਾ ਚਾਨਣ

ਘਸਮੈਲਾ, ਮੈਲਾ ਹੈ ਜਾਂ ਲਿਸ਼ਕਿਆ  ਹੋਇਆ।

ਸੁਣਿਆ ਹੈ ਦੂਤ ਦਾ ਕੋਈ ਰੰਗ ਨਹੀ ਹੁੰਦਾ।

ਚਿੱੜੀ ਦੇ ਕੋਲ ਦਿਸਣ, ਕੱਖ ਕਣ ਤੇ ਦੋਚਿੱਤੀ

ਮਹਾਰਾਣੀ ਦਾ  ਸੁਨੇਹਾ,ਚਿੜੀ ਰਾਹੀਂ ਭੇਜਿਆ ਹੋਇਆ

ਨਹੀ ਸਮਝ ਆਈ, ਇਹ ਜੰਗ ਹੈ   ਜਾਂ ਸ਼ਾਤੀ।

ਡਿਗਦਾ ਹੋਇਆ ਕੱਖ, ਅੱਖ ਝਪਕਣੀ  ਪਈ ਮੈਨੂੰ

ਚਿੜੀ ਬਾਰੇ ਸੋਚਣ ਦਾ, ਕੋਈ ਸ਼ੌਕ ਨਹੀ ਸੀ ਮੈਨੂੰ

ਲਭੇ ਜਾਣ ਦਾ ਯਾਰ  ਵਲੋਂ ਯਕੀਨ ਨਹੀ ਰਿਹਾ।

Posted in

Leave a comment