ਗੁਰੂ ਨਾਨਕ ਦੇਵ ਜੀ ਦਾ ਜਦੋਂ ਵੀ ਨਾਮ ਆਉਂਦਾ ਹੈ ਤਾਂ ਹਰ ਵਿਅਕਤੀ ਆਪਣੇ ਨਜ਼ਰੀਏ ਨਾਲ ਹੀ ਸੋਚਦਾ ਹੈ। ਨਿਰਭਰ ਕਰਦਾ ਹੈ ਕਿ ਤੁਸੀਂ ਉਸ ਵਕਤ ਕਿਸ ਮਨੋ-ਅਵਸਥਾ ਵਿਚ ਹੋ। ਇੱਕ ਦਮ ਕੁਝ ਨਹੀ ਹੁੰਦਾ। ਸਿਰਫ ਚੇਤਨਾ ਹੀ ਹੈ ਜੋ ਹਰ ਸਮਾਜਿਕ ਮਸਲੇ ਦਾ ਹੱਲ ਹੋ ਨਿਬੜਦਾ ਹੈ। ਸਮਾਜ ਵਿਚ ਹਰ ਸਮਸਿਆ ਦੂਜੀ ਸਮਸਿਆ ਨਾਲ ਜੁੜੀ ਹੁੰਦੀ ਹੈ। ਸਮਾਜਿਕ ਸੁਧਾਰ, ਇੱਕ ਸਮਾਜਿਕ ਅੰਦੋਲਨ ਹੁੰਦਾ ਹੈ ਜਿਸਨੇ ਹੌਲੀ ਹੋਲੀ ਹੀ ਪ੍ਰਵਾਨ ਚੜਨਾ ਹੁੰਦਾ ਹੈ ਤੇ ਇਹਦੇ ਲਈ ਗਾਇਡ ਲਾਇਨ ਇਹੋ ਜਿਹੀ ਚੁਣਨੀ ਪੈਂਦੀ ਹੈ ਜਿਸਦੇ ਦੂਰ-ਰਸ ਸਿੱਟੇ ਨਿਕਲਣ ਤੇ ਉਹ ਸਮਾਜਿਕ ਪ੍ਰਾਣੀਆਂ ਨਾਲ ਪ੍ਰਣਾਈ ਹੋਈ ਹੋਵੇ।
ਸਮਾਜ ਨੂੰ ਲਗਾ ਇੱਕ ਗ੍ਰਹਿਣ,ਹੋ ਸਕਦਾ ਹੈ ਦੂਜੀਆਂ ਸਮਾਜਿਕ ਬੁਰਾਈਆਂ ਨਾਲੋਂ ਬਹੁਤਾ ਸੰਘਣਾ ਹੋਵੇ। ਸੰਘਰਸ਼ ਸਿਰਫ ਬਦਲਾਵ ਲਈ ਧਰਾਤਲ ਹੀ ਹੋ ਨਿਬੜਦਾ ਹੈ। ਗੁਰੂ ਨਾਨਕ ਦੀ ਬਾਣੀ ਐਸੇ ਹੀ ਧਰਾਤਲ ਨੂੰ ਸਿਰਜਦੀ ਹੈ।
ਮੂਲੋਂ ਹੀ ਸਮਾਜ ਬਦਲਣ ਲਈ ਚੇਤਨਾ ਦੀ ਲੋੜ ਹੁੰਦੀ ਹੈ ਤੇ ਨਾਨਕ-ਬਾਣੀ ਵਿਚ ਸਮੋਈ ਉਹ ਚੇਤਨਾ,ਸਮਾਜ ਨੂੰ ਉਸ ਵੇਲੇ ਤੋਂ ਹੀ ਸਮਰਪਿਤ ਹੈ।
ਪੰਦਰਵੀਂ ਸਦੀ ਦੌਰਾਨ ਬਹੁਤ ਸਾਰੀਆਂ ਸਮਸਿਆਵਾਂ ਸਨ ਜਿਸ ਵੇਲੇ ਬਾਬੇ ਨਾਨਕ ਦਾ ਆਗਮਨ ਹੋਇਆ। ਸਮਸਿਆਵਾਂ ਨੂੰ ਘੋਖਿਆ ਜਾਵੇ ਤਾਂ ਲੜੀ ਅਮੁਕ ਹੈ, ਸਾਰਿਆਂ ਨੂੰ ਛੋਹਿਆ ਨਹੀ ਜਾ ਸਕਦਾ ਪਰ ਨਾਨਕ-ਬਾਣੀ ਨਾਲ ਜੁੜਦਿਆਂ, ਇਨ੍ਹਾਂ ਸਮਸਿਆਵਾਂ ਦਾ ਨਿਰਵਾਣ, ਚੇਤਨਾ ਨਾਲ ਪਰੋਇਆ ਜਾਂਦਾ ਹੈ।
ਕੁਝ ਪ੍ਰਮੁਖ ਸਨ ਔਰਤ ਦਾ ਸਮਾਜ ਵਿਚ ਰੁਤਬਾ, ਪ੍ਰਭੂਸਤਾ ਦਾ ਜ਼ੁਲਮ,ਜਾਤਪਾਤ, ਪੁਜਾਰੀ ਵਰਗ ਦੀ ਲੁਟ,ਲੁਟਣ ਵਾਲੇ ਤੇ ਲੁਟ ਹੋਣ ਵਾਲੇ ਤੇ ਲੋਕਾਂ ਦੀ ਜੀਵਨ-ਜਾਚ ਦਾ ਨਿਘਰ ਜਾਣਾ, ਸੰਵਾਦ ਦੀ ਅਣਹੋਂਦ ਤੇ ਹੋਰ ਵੀ ਬਹੁਤ ਸਾਰੀਆਂ ਸਮਾਜੀ ਕਲੰਕ ਵਾਲੀਆਂ ਸਮਸਿਆਵਾਂ।
ਸਾਰੀਆਂ ਸਮਸਿਆਵਾਂ ਦਾ ਮੂਲ ਸਰੋਤ,ਸਮਾਜ ਦੀ ਵਰਣ-ਵੰਡ ਸੀ।
ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥੧॥ ਰਹਾਉ ॥
ਮਾਨਸ ਕੀ ਜਾਤ ਸਭੈ ਇੱਕੋ ਪਹਿਚਾਬੋ
ਧਾਰਮਿਕ ਅਦਾਰਿਆਂ ਨੇ ਨਿੱਜੀ ਲਾਭ ਲਈ ਲੋਕਾਂ ਨੂੰ ਵੰਡਿਆ ਹੋਇਆ ਸੀ। ਪ੍ਰਭੂਸਤਾ,ਜਿਸਦਾ ਕੰਮ ਲੋਕ-ਕਲਿਆਣ ਹੋਣਾ ਚਾਹੀਦਾ ਹੈ ਉਹ ਇਸ ਵਰਣ-ਵੰਡ ਨੂੰ ਆਪਣੀ ਰਾਜ ਸੱਤਾ ਦੀ ਕਾਇਮੀ ਲਈ ਉਤਸਾਹਿਤ ਕਰਦੇ ਸਨ।
ਪੰਦਰਵੀਂ ਸਦੀ ਵਿਚ ਐਸਾ ਹੀ ਕੁਝ ਚਾਨਣ ਹੋਇਆ ਜਿਸਨੇ ਲੋਕਾਂ ਦੀ ਸੋਚ ਨੂੰ ਹਲੂਣਾ ਦਿੱਤਾ। ਜੀਵਨ-ਜਾਚ ਦੀ ਇਹੋ ਜਿਹੀ ਚਿਣਗ ਜਗਾਈ ਜਿਸਨੇ ਸਮਾਜ ਵਿਚ ਸੰਵਾਦ ਨੂੰ ਪ੍ਰਮੁਖਤਾ ਨਾਲ ਉਜਾਗਰ ਕੀਤਾ। ਜਿਸਨੂੰ ਅਸੀਂ ਬਾਬੇ ਨਾਨਕ ਦੇ ਗੋਸ਼ਟ ਸੰਕਲਪ ਨਾਲ ਸਹਿਜੇ ਹੀ ਜੋੜ ਲੈਂਦੇ ਹਾਂ। ਇਹ ਗੋਸ਼ਟ ਜਿੱਥੇ ਸੂਫੀਆਂ ਸੰਤਾਂ ਨਾਲ ਸੀ ਉੱਥੇ ਸੱਜਣ ਠੱਗਾਂ ਨਾਲ ਵੀ ਸੀ ਤੇ ਮਲਕ ਭਾਗੋ ਨਾਲ ਵੀ। ਭਾਵੇਂ ਇਸਦੀਆਂ ਕੁਝ ਸਾਖੀਆਂ ਵੀ ਹਨ ਪਰ ਉਨ੍ਹਾਂ ਤੇ ਵਕਤ ਦੀ ਧੂਲ ਪੈ ਗਈ ਹੈ।
ਪ੍ਰਭੂਸਤਾ ਤੇ ਉਸਦੇ ਗਲਿਆਰੇ ਜੋ ਬਿਸਵੇਦਾਰੀ ਤੱਕ,ਇੱਕ ਘਣੇ ਦਰਖ਼ਤ ਦੀਆਂ ਜੜ੍ਹਾਂ ਵਾਂਗ ਸਨ ਤੇ ਜਿਨ੍ਹਾਂ ਦਾ ਵਿਰੋਧਾਭਾਸ ਬਿਲਕੁਲ ਹੀ ਨਹੀ ਸੀ, ਉਸਨੂੰ ਤਰਕ ਨਾਲ ਵੰਗਾਰਕੇ ਇੱਕ ਚੇਤਨਾ ਪੈਦਾ ਕਰਨੀ, ਇਹ ਰੌਸ਼ਨ ਕਿਰਨ, ਨਾਨਕ-ਬਾਣੀ ਵਿਚੋਂ ਪੈਦਾ ਹੁੰਦੀ ਹੈ ਜੋ ਸਮੇਂ ਦੇ ਹਾਕਮ, ਬਾਬਰ ਨੂੰ ਲਲਕਾਰਦੀ ਹੈ।
ਲਲਕਾਰਨ ਵਾਲੀ ਇਹ ਸਮਸ਼ੀਰ, ਧਾਤ ਦੀ ਨਹੀ ਸਗੋਂ ਤਰਕ ਦੀ ਸੀ।
ਅਸਲ ਮੁੱਦਾ ਤੇ ਵਿਅਕਤੀ ਦੀ ਉਸ ਜੀਵਨ-ਜਾਚ ਨਾਲ ਵਾਬਸਤਾ ਸੀ ਤੇ ਹੈ ਜੋ ਸੁਝਾਉਂਦੀ ਹੈ ਕਿ ਸੱਚ ਦਾ ਮਾਰਗ ਹੀ ਸਹੀ ਦਿਸ਼ਾ ਹੈ।
ਆਦਿ ਕਾਲ ਤੋਂ ਸਮਾਜ ਦੀ ਬਣਤਰ ਹੈ ਹੀ ਵਿਅਕਤੀ ਦੀ ਭਲਾਈ ਤੇ ਦੂਜੇ ਵਿਅਕਤੀ ਪ੍ਰਤੀ ਨਜ਼ਰੀਆ,ਇਸ ਵਿਚੋਂ ਹੀ ਬਾਬੇ ਨਾਨਕ ਦਾ ਸੋਸ਼ਲ ਢਾਂਚਾ ਉਜਾਗਰ ਹੁੰਦਾ ਹੈ।
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ
ਆਦਿ ਕਾਲ ਤੋਂ ਹੀ ਇਸ ਮੁੱਦੇ ਤੇ ਗੱਲ ਹੁੰਦੀ ਆਈ ਹੈ,ਹੋ ਰਹੀ ਹੈ ਤੇ ਅੱਗੇ ਤੋਂ ਵੀ ਹੁੰਦੀ ਰਹੇਗੀ। ਹਰ ਯੁੱਗ ਵਿਚ ਕੁਝ ਯੁੱਗ-ਪੁਰਸ਼ ਹੁੰਦੇ ਹਨ। ਸੰਦੇਸ਼ ਤਾਂ ਕਈ ਹੁੰਦੇ ਹਨ ਪਰ ਜੋ ਸਮਾਜ ਦੀ ਮੁਹਾਰ ਹੀ ਬਦਲ ਦੇਵੇ, ਉਸ ਸੰਦੇਸ਼ ਨੂੰ ਲੋਕਾਈ ਸਹਿਜ ਨਾਲ ਮੰਨ ਵੀ ਲੈਂਦੀ ਹੈ, ਉਸਨੂੰ ਆਪਣੀ ਜੀਵਨ-ਜਾਚ ਦਾ ਹਿੱਸਾ ਵੀ ਬਣਾ ਲੈਂਦੀ ਹੈ ਤੇ ਇਸਦਾ ਗਵਾਹ ਇਤਿਹਾਸ ਹੈ। ਵੈਸੇ ਤਾਂ ਸੰਵੇਦਨਾ ਨੂੰ ਕਿਸੇ ਗਵਾਹ ਦੀ ਲੋੜ ਨਹੀ ਹੁੰਦੀ ਭਾਵੇਂ ਉਹ ਗਵਾਹੀ, ਇਤਿਹਾਸ ਹੀ ਕਿਉਂ ਨਾ ਦਿੰਦਾ ਹੋਵੇ। ਇਤਿਹਾਸ ਤਾਂ ਘਟਨਾਵਾਂ ਦਾ ਰਿਕਾਰਡ ਹੁੰਦਾ ਹੈ ਤੇ ਉਸਦੀ ਤਾਸੀਰ ਨੂੰ ਸਾਂਭਣਾ, ਸਮਾਜ ਦਾ ਫਰਜ ਹੁੰਦਾ ਹੈ ਪਰ ਹਰ ਯੁੱਗ ਵਿਚ ਕੁਤਾਹੀ ਹੁੰਦੀ ਆਈ ਹੈ, ਨਹੀ ਤਾਂ ਕੋਈ ਕਾਰਣ ਨਹੀ ਕਿ ਸਮਾਜ ਵਿਚ ਇਤਨਾ ਨਿਘਾਰ ਆ ਜਾਵੇ ਕਿ ਜਗਿਆਸੂ ਵਿਅਕਤੀਆਂ ਨੂੰ ਨਵੇਂ ਸਿਰਿਉਂ ਉਹ ਲੜ ਫੜਣ ਲਈ ਮਜ਼ਬੂਰ ਹੋਣਾ ਪਵੇ ਜੋ ਖਿਸਕ ਗਿਆ ਹੈ।
ਲਗਾਤਾਰ ਸੰਵਾਦ ਦੀ ਜ਼ਰੂਰਤ,ਸਮਾਜ ਵਿਚ ਸਦਾ ਬਣੀ ਰਹਿੰਦੀ ਹੈ। ਜਦੋਂ ਵੀ ਸੰਵਾਦ ਦੀ ਪਕੜ ਢਿਲੀ ਪਈ ਉਦੋਂ ਹੀ ਸਮਾਜ ਵਿਚ ਬੁਰਾਈਆਂ ਦਾ ਆਗਮਨ ਹੋਇਆ ਹੈ।
ਸਰਬ ਸਾਂਝਾ ਬਾਬਾ ਨਾਨਕ ਕਿਸੇ ਇੱਕ ਦਾ ਨਾਂਹ ਹੋਕੇ ਸਮਾਜ ਦਾ ਸੀ ਭਾਵੇਂ ਉਸਦੇ ਪੈਰੋਕਾਰਾਂ ਦੇ ਕੁਝ ਮੁਹਤਬਰਾਂ ਨੇ ਉਸ ਬਾਰੇ ਪੋਜੈਸਿਵ ਪਹੁੰਚ ਅਪਣਾ ਲਈ। ਇਸ ਨਾਲ, ਉਸ ਚਾਨਣ ਦਾ ਰੂਪ ਨਹੀ ਘਟ ਜਾਂਦਾ ਜੋ ਸਰਬਵਿਆਪੀ ਹੈ।
ਯੋਰਪ ਦੇ ਇਤਿਹਾਸ ਵਿਚ ਜੋ ਡੂੰਘਾ ਤੇ ਫੈਸਲਾਕੁੰਨ ਮੋੜ ਆਇਆ ਉਸਨੂੰ ਫਰੈਂਚ ਰਿਵੋਲੂਸ਼ਨ ਨਾਲ ਜੋੜ ਕੇ ਵੇਖਿਆ ਜਾ ਸਕਦਾ ਹੈ। ਇਹ 1789 ਦੇ ਸ਼ੁਰੂ ਤੋਂ ਲੈਕੇ 1790 ਦੇ ਅੰਤ ਦੇ ਸਮੇਂ ਦੌਰਾਨ ਦਾ ਹੈ। ਨੋਪੀਲਅਨ ਬੋਨਾਪਾਰਟੇ ਦੇ ਤਖਤ ਦਾ ਸਮਾਂ ਸੀ। ਇਸ ਸਮੇਂ ਦੌਰਾਨ ਫਰੈਂਚ ਦੇ ਨਾਗਰਿਕਾਂ ਨੇ ਦੇਸ਼ ਦੀ ਰਾਜਨੀਤੀ ਦਾ ਨਕਸ਼ਾ ਨਵੇਂ ਸਿਰਿਉਂ ਉਸਾਰਿਆ ਤੇ ਸਦੀਆਂ ਤੋਂ ਚਲੀ ਆ ਰਹੀਆਂ ਬਿਸਵੀ ਸੰਸਥਾਵਾਂ ਨੂੰ ਹੂੰਝ ਕੇ ਰੱਖ ਦਿੱਤਾ ਤੇ ਇਸ ਸ਼ੁਭ ਕਰਮ ਨੇ, ਬਾਦਸ਼ਾਹਤ ਅਤੇ ਜਗੀਰਦਾਰੀ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਲੋਕਾਂ ਨੇ ਸੁਖਾਵੀਂ ਜੀਵਨ-ਜਾਚ ਅਪਣਾ ਲਈ। ਇਹ ਇਸ ਕਰਕੇ ਇੱਥੇ ਦਰਜ ਕਰਨਾ ਪਿਆ ਕਿਉਂਕਿ ਪ੍ਰਚਾਰ ਮਧਿਆਮ ਨੇ ਇਸਨੂੰ ਸਾਰੀ ਦੁਨੀਆਂ ਵਿਚ ਹਾਈ ਲਾਇਟ ਕੀਤਾ।
ਐਸੇ ਸੁਧਾਰਾਂ ਦੀ ਬੁਨਿਆਦ,ਇਸਤੋਂ ਪਹਿਲਾਂ ਭਾਰਤ ਵਿਚ ਬਾਬੇ ਨਾਨਕ ਨੇ ਰਖੀ ਸੀ। ਔਰਤ ਦਾ ਸਦੀਆਂ ਤੋਂ ਚਲੇ ਆ ਰਹੇ ਰੁਤਬੇ ਬਾਰੇ ਇਹ ਕਿਹਾ, ਸੋ ਕਿਉਂ ਮੰਦਾ ਆਖੀਐ,ਜਿਸ ਜੰਮੇ ਰਾਜਾਨ। ਇਸ ਬੁਨਿਆਦ ਤੇ ਹੀ ਅੱਜ ਦਾ ਵਰਤਮਾਨ ਅਗਰਸਰ ਹੈ।
ਇਹ ਉਹ ਸਮਾਂ ਸੀ ਜਦੋਂ ਤਾਕਤ ਦੀ ਵੰਡ ਰਾਜੇ ਤੋਂ ਸ਼ੁਰੂ ਹੋਕੇ ਬਿਸਵੇਦਾਰੀ ਤੇ ਫੇਰ ਉਸਤੋਂ ਵੀ ਹੇਠਾਂ ਤੱਕ ਜਾ ਕੇ ਕਾਮੇ ਨੂੰ ਨਿੱਹਥਾ ਹੀ ਨਹੀ ਕਰਦੀ ਸੀ ਸਗੋਂ ਨਪੀੜ ਦਿੰਦੀ ਸੀ। ਸਮਰਥਾ ਅਨੁਸਾਰ ਸਾਰੇ ਤਾਕਤਵਰ ਲੋਕ,ਆਪੋ ਆਪਣੀ ਲੁਟ ਨੂੰ ਕਾਨੂੰਨੀ ਦਰਜਾ ਦੇਕੇ ਮੁਕੰਮਲ ਸਨ। ਇਹੋ ਜਿਹੇ ਸਮੇ ਪ੍ਰਭੂਸਤਾ ਨੂੰ ਲਲਕਾਰਨਾ ਤੇ ਲੋਕਾਂ ਵਿਚ ਜਾਗਰਤੀ ਪੈਦਾ ਕਰਨੀ ਤੇ ਹਾਕਮ ਨੂੰ ਪਾਪ ਦੀ ਜੰਨ ਕਹਿਕੇ, ਸਮਾਜ ਨੂੰ ਹਲੂਣਾ ਦੇਣਾ ਇਹ ਬਾਬੇ ਨਾਨਕ ਦੇ ਹਿੱਸੇ ਹੀ ਆਇਆ ਹੈ। ਇਹੋ ਕਾਰਣ ਹੈ ਕਿ ਇਸ ਨਾਲ ਇੱਕ ਲਹਿਰ ਖੜੀ ਹੋ ਗਈ ਤੇ ਜ਼ੁਲਮ ਦੇ ਖਿਲਾਫ ਲੜਣ ਦੀ ਹਿੰਮਤ ਪੈਦਾ ਹੋਈ। ਇਹ ਹਿੰਮਤ ਅੱਗੋਂ ਵੀ ਜਾਰੀ ਰਹੀ।
ਇਸ ਧਾਂਧਲੀ ਪਿੱਛੇ ਉਹ ਲੋਕ ਸਨ ਜਿਨ੍ਹਾਂ ਨੇ ਆਪਣੇ ਨਿੱਜ ਦੀ ਖਾਤਰ,ਸੱਚ ਨੂੰ ਛੁਪਾਉਣ ਲਈ ਰਬੀ ਡਰ ਪੈਦਾ ਕੀਤੇ ਤੇ ਲੋਕਾਂ ਦੇ ਸੋਚਣ ਦਾ ਢੰਗ ਹੀ ਇਹ ਸੀ ਕਿ ਜੋ ਹੋ ਰਿਹਾ ਹੈ ਉਹ ਹੀ ਉਨ੍ਹਾਂ ਦਾ ਨਸੀਬ ਹੈ।
ਸੱਚ ਦੇ ਅਧਾਰ ਤੇ ਜੀਵਨ ਬਸਰ ਕਰਨ ਦਾ ਲੋਕ ਹੋਕਾ ਉਸ ਚੇਤਨਾ ਨੇ ਦਿੱਤਾ ਜਿਸਦਾ ਸਰੋਤ ਨਾਨਕ-ਬਾਣੀ ਹੈ।
ਪ੍ਰਭੂਸਤਾ ਦੇ ਐਸੇ ਅਧਿਕਾਰ ਜੋ ਖੋਹੇ ਨਾ ਸਕਦੇ ਹੋਣ,ਉਨ੍ਹਾਂ ਨੂੰ ਤਰਕ ਦੇ ਅਧਾਰ ਤੇ ਲਲਕਾਰਨਾ,ਇਹ ਸੰਦੇਸ਼ ਦਿੰਦਾ ਹੈ ਕਿ ਲੋਕੋ ਤੁਸੀਂ ਹਿੰਮਤ ਨਾ ਹਾਰੋ।
ਅੱਜ ਫੇਰ ਉਹੋ ਸਮਾਂ ਹੈ ਜਦੋਂ ਨਾਗਰਿਕ ਦੇ ਅਧਿਕਾਰ, ਤਰਸ ਵਾਲੀ ਹਾਲਤ ਵਿਚ ਹਨ।
ਅਸੀਂ ਸੱਚ ਤੇ ਸਚਾਈ ਤੋਂ ਦੂਰ ਹੋ ਗਏ ਹਾਂ। ਨਤੀਜਨ ਅਸੀਂ ਆਪਣੇ ਪੂਰਵਜ਼ਾਂ ਦੀਆਂ ਕਦਰਾਂ-ਕੀਮਤਾਂ ਤੋਂ ਮੂੰਹ ਮੋੜ ਲਿਆ ਹੈ।
ਜੇ ਅਸੀਂ ਯਾਦ ਕਰੀਏ, ਜ਼ਬਾਨ ਤੇ ਖਰਾ ਉਤਰਨਾ, ਗੁਆਂਢੀ ਹੀ ਨਹੀ ਸਗੋਂ ਸਾਰੇ ਪਿੰਡ ਨਾਲ ਪਿਆਰ ਕਰਨਾ ਤੇ ਉਨ੍ਹਾਂ ਤੋਂ ਆਪਣੇ ਨਿਜੀ ਹਿੱਤ ਵਾਰ ਦੇਣੇ,ਅਸੀਂ ਸੁਣੇ ਹੀ ਨਹੀ ਸਗੋਂ ਵੇਖੇ ਹਨ।
ਖੂਹ ਦੀਆਂ ਟਿੰਡਾਂ ਤੋਂ ਸ਼ਰਬਤ ਵਰਗਾ ਪਾਣੀ ਵਗਦਾ ਸੀ। ਸ਼ਤੂਤ ਦੀ ਛਾਂ,ਰਾਹੀ ਦੀ ਸਾਰੀ ਥਕਾਵਟ ਲਾਹ ਦਿੰਦੀ ਸੀ ਤੇ ਚੰਗੇਰ ਵਿਚ ਹਮੇਸ਼ਾਂ ਲਪੇਟੇ ਹੋਏ ਫੁਲਕੇ,ਪ੍ਰਾਹੁਣੇ ਦਾ ਇੰਤਜਾਰ ਕਰਦੇ ਸਨ। ਸਰਘੀ ਵੇਲੇ ਚਾਟੀ ਵਿਚਲੀ ਲੱਸੀ ਵੀ ਸਾਂਝੀ ਹੁੰਦੀ ਸੀ ਕੋਈ ਵੀ ਮੰਗ ਸਕਦਾ ਸੀ ਤੇ ਦੇਣ ਲਗਿਆਂ ਬੇਬੇ ਦੇ ਮੂੰਹ ਤੇ ਨੂਰ ਆ ਜਾਂਦਾ ਸੀ।
ਵਕਤ ਖਲੋ ਜਾਂਦਾ ਹੈ ਜਿਵੇਂ ਦਾ ਸਾਡਾ ਖਲੋ ਗਿਆ ਹੈ। ਲੋਕ ਨਾਪਸੰਦ ਕਰਦੇ ਹਨ ਪਰ ਚੁੱਪ ਹਨ। ਇੱਕ ਚੁੱਪ ਤੇ ਸੌ ਸੁਖ ਵਾਲਾ ਵਰਤਾਰਾ,ਸਮਾਜ ਨੂੰ ਰਸਾਤਲ ਵੱਲ ਲਿਜਾ ਰਿਹਾ ਹੈ।
ਸਮਾਜ ਰਸਾਤਲ ਵਲ ਕਿਉਂ ਜਾ ਰਿਹਾ ਹੈ ਇਸਦਾ ਕਾਰਣ ਉਹ ਭੁਲੀ ਹੋਈ ਜੀਵਨ-ਜਾਚ ਹੈ ਜੋ ਸਾਡੇ ਸਭਿਆਚਾਰ ਦੀ ਪਹਿਚਾਣ ਸੀ। ਇਹ ਪਹਿਚਾਣ ਬਾਬੇ ਨਾਨਕ ਤੋਂ ਪਹਿਲਾਂ ਵੀ ਸੀ।ਸਮੇ ਸਮੇ ਦਰਵੇਸ਼ ਹੋਕਾ ਦਿੰਦੇ ਆਏ ਹਨ ਪਰ ਆਈ ਖੜੋਤ ਵਿਚ ਵਡਾ ਹੱਥ ਹਾਕਮ ਦਾ ਹੁੰਦਾ ਹੈ। ਬਾਬੇ ਨਾਨਕ ਨੇ ਆਪਣੇ ਵੇਲੇ ਉਸ ਖੜੋਤ ਨੂੰ ਤੋੜਿਆ ਤੇ ਲੋਕਾਈ ਲਈ ਚੇਤਨਾ ਦਾ ਮੁਨਾਰਾ ਉਸਾਰ ਦਿੱਤਾ।
ਇਸ ਵਿਚ ਕੋਈ ਸ਼ਕ ਨਹੀ ਕਿ ਅੱਜ ਅਸੀਂ ਡੰਗ-ਟਪਾਊ ਹੋ ਗਏ ਹਾਂ। ਉਡਦੀ ਹੋਈ ਗਰਦ ਨੂੰ ਭਾਣਾ ਮੰਨਕੇ, ਸਿਰਫ ਬਚਾਵ ਦੀ ਮੁਦਰਾ ਵਿਚ ਆ ਗਏ ਹਾਂ।
ਸਾਡੇ ਹੀ ਪਰਿਵਾਰ ਦੇ ਦੂਜੇ ਜੀਅ ਕਹਿੰਦੇ ਹਨ ਕਿ ਸਭ ਠੀਕ ਹੋ ਜਾਵੇਗਾ, ਚਿੰਤਾ ਕਿਉਂ ਕਰਦੇ ਹੋ?
ਸਾਨੂੰ ਭੁਲ ਗਿਆ ਹੈ ਕਿ ਕੀ ਠੀਕ ਨਹੀ ਹੈ। ਸੱਚ ਤੇ ਅਸੱਚ ਦਾ ਫਰਕ ਮਿਟ ਗਿਆ ਹੈ। ਫਰਕ ਸਿਰਫ ਸੱਚ ਤੇ ਝੂਠ ਵਿਚ ਹੀ ਦਰਜ਼ ਹੈ।
ਗੁਰੂ ਨਾਨਕ ਦੇਵ ਜੀ ਦੇ ਯੁੱਗ ਵਿਚਲਾ ਸੱਚ,ਅਸੱਚ ਨੇ ਢਕ ਲਿਆ ਸੀ। ਸੱਚ ਕਦੇ ਵੀ ਦੋ ਧਿਰੀ ਨਹੀ ਹੁੰਦਾ। ਹਾਂ ਅੱਸਚ ਯਕੀਨਨ ਦੋ ਧਿਰੀ ਹੁੰਦਾ ਹੈ। ਅਸੱਚ ਵਿਚਲੀ ਤਾਸੀਰ ਨੂੰ ਗੁਰੂ ਨਾਨਕ ਦੇਵ ਜੀ ਨੇ ਪਹਿਚਾਣਕੇ ਹੀ ਸੱਚ ਦਾ ਗੱਲ ਕੀਤੀ ਤੇ ਸਮਾਜ ਵਿਚ ਸੁਧਾਰ ਵੀ ਲਿਆਂਦਾ ਤੇ ਸਿਧਾਂਤ ਵੀ ਪੇਸ਼ ਕੀਤੇ। ਕਿਰਤ ਕਰੋ, ਵੰਡ ਛਕੋ ਅੱਜ ਵੀ ਉਤਨਾ ਹੀ ਪ੍ਰਸੰਗਿਕ ਹੈ।
ਇਹ ਪ੍ਰਸੰਗਿਕਤਾ,ਉਸ ਚੇਤਨਾ ਵਿਚ ਹੈ ਜੋ ਨਾਨਕ-ਬਾਣੀ ਵਿਚ ਹਮੇਸ਼ਾਂ ਤੋਂ ਮੋਜੂਦ ਹੈ ਤੇ ਸਦਾ ਰਹੇਗੀ।
ਸਿਧਾਂਤ ਨਾਲ ਹੀ ਉਹ ਜੀਵਨ-ਜਾਚ ਬਣਦੀ ਹੈ ਜਿਸਨੂੰ ਸਚੁ ਆਚਾਰੁ ਕਿਹਾ ਜਾਂਦਾ ਹੈ। ਦੂਜੇ ਸ਼ਬਦਾਂ ਵਿਚ ਕਹਿ ਸਕਦੇ ਹਾਂ ਸਾਡੇ ਜਿਉਣ ਦਾ ਢੰਗ।
ਅੱਜ ਸਾਨੂੰ ਇਸ ਸੱਚ ਅਧਾਰਿਤ ਜਾਚ ਦੀ ਬਹੁਤ ਲੋੜ ਹੈ।
ਸਮਝਣਾ ਪਵੇਗਾ ਕਿ ਜੀਣ ਥੀਣ ਦੀ ਇਹੋ ਤਹਜ਼ੀਬ ਹੈ। ਸਾਡਾ ਫਰਜ਼ ਹੈ ਕਿ ਅਸੀਂ ਵਕਤ ਰਹਿੰਦਿਆਂ,ਆਪਣੀ ਅਮੀਰ ਤਹਜ਼ੀਬ ਨੂੰ ਸੇਹਤਮੰਦ ਕਰਕੇ ਹੀ ਅਗਲੀ ਪੀੜੀ ਨੂੰ ਸੋਂਪੀਏ। ਨਹੀ ਤਾਂ ਨਵੀ ਪੀੜ੍ਹੀ ਸਾਨੂੰ ਉਲ੍ਹਾਮਾ ਦੇਵੇਗੀ।
ਸੱਭਿਆਚਾਰਕ ਵਿਰਾਸਤ ਪੀੜ੍ਹੀ ਤੋਂ ਪੀੜ੍ਹੀ ਤੱਕ ਪਹੁੰਚ ਕਰਦੀ ਹੈ। ਸਾਨੂੰ ਯਾਦ ਹੈ ਪਰ ਕੀ ਅਸੀਂ ਵਿਰਾਸਤ ਨੂੰ ਕੁਝ ਹਾਂ-ਪੱਖ ਦੇ ਰਹੇ ਹਾਂ ਕਿ ਅਗਲੀ ਪੀੜ੍ਹੀ ਉਸਨੂੰ ਯਾਦ ਵੀ ਰਖ ਸਕੇ ਤੇ ਮਾਣ ਵੀ ਕਰ ਸਕੇ?
ਅਫਰਾ ਤਫਰੀ ਨਵੀ ਦਿਸ਼ਾ ਦੀ ਭਾਲ ਵਿਚ ਹੈ। ਗਲੋਬਲ ਪਿੰਡ ਨੇ ਸਾਡੇ ਰਸਦੇ ਵਸਦੇ ਪਿੰਡ ਖਾ ਲਏ ਹਨ। ਇਸਦਾ ਇੱਕੋ ਇੱਕ ਬਦਲ ਲੋਕ-ਚੇਤਨਾ ਹੈ।
ਅਸਲ ਵਿਚ ਰਸਤੇ ਹੀ ਐਸੇ ਹਨ ਜੋ ਮੰਡੀ ਵਲ ਜਾਂਦੇ ਹਨ, ਵਹਿੰਦੇ ਪਾਣੀਆਂ ਵਾਂਗ।
ਸਿਸਟਮ ਦਾ ਸੰਦਰਭ ਸਾਡਾ ਸਮਾਜਿਕ ਜੀਵਨ ਹੈ ਨਾਂ ਕਿ ਕਿਸੇ ਦੇਸ਼ ਦੀ ਸਰਕਾਰ ਵਲੋਂ ਉਸਾਰਿਆ ਮਕੜ-ਜਾਲ।
ਕੁਝ ਵੀ ਬਦਲਣ ਦੀ ਲੋੜ ਨਹੀ ਹੈ ਜੋ ਹੈ ਉਸਨੂੰ ਸਾਂਭਣ ਦੀ ਲੋੜ ਹੈ। ਇਹ ਅਸੰਭਵ ਜਿਹਾ ਲਗਦਾ ਹੈ। ਹੈ ਵੀ ਮੁਸ਼ਕਲ ਪਰ ਅਸੰਭਵ ਕੁਝ ਵੀ ਨਹੀ ਹੁੰਦਾ ਤੇ ਇਹ ਸਭ ਹੌਲੀ ਹੌਲੀ ਹੀ ਹੋਣਾ ਹੈ। ਇਸ ਲਈ ਸਿਰਫ ਆਪਣੇ ਹੱਕਾਂ ਤੇ ਪਹਿਰਾ ਦੇਣ ਦੀ ਤੇ ਗੁਆਂਢੀ ਨਾਲ ਪਿਆਰ ਕਰਨ ਦੀ ਲੋੜ ਹੈ। ਅੱਜ ਸਾਨੂੰ ਲੋੜ ਹੈ ਕਲ ਨੂੰ ਗੁਆਂਢੀ ਦੀ ਲੋੜ ਹੈ। ਨਾਨਕ-ਬਾਣੀ ਦਾ ਇਹੋ ਸੰਦੇਸ਼ ਹੈ। ਇਸ ਸੰਦੇਸ਼ ਵਿਚੋਂ ਹੀ ਭਾਈ ਲਾਲੋ ਦਾ ਸਵਰੂਪ, ਚੜ੍ਹਦੇ ਸੂਰਜ ਦੀ ਲਾਲੀ ਬਣਦਾ ਹੈ।
ਸਹੀ ਦਿਸ਼ਾ ਵਿਚ ਜੀਣਾ ਥੀਣਾ ਕੀ ਹੈ ਤੇ ਸਾਡੀ ਅਗਲੀ ਪੀੜੀ ਕਿਵੇਂ ਦਾ ਜੀਵੇਗੀ,ਕੀ ਉਹ ਉਲਾਂਭਾ ਤੇ ਨਹੀ ਦੇਵੇਗੀ? ਇਸ ਭਵਿਖੀ ਜੀਵਨ-ਜਾਚ ਨੇ ਉਲਾਂਭੇ ਪੈਦਾ ਕਰ ਦਿੱਤੇ ਹਨ।
ਵਿਰੋਧ ਤੋਂ ਬਚਦੇ ਅਸੀਂ ਖੁਦ ਦੀ ਜ਼ਮੀਰ ਦੇ ਹੀ ਵਿਰੋਧੀ ਬਣ ਜਾਂਦੇ ਹਾਂ। ਸਾਹਿਤ ਦੇ ਰਣਤੱਤੇ ਵਿਚ ਤੇ ਸਾਡਾ ਵਿਰਸਾ ਹੋਣਾ ਚਾਹੀਦਾ ਹੈ ਤੇ ਉਸਦੀ ਪ੍ਰਫੁਲਤਾ ਲਈ ਯਕੀਨਨ ਸਾਡੀ ਸਰਬ-ਸੋਚ ਵੀ ਨਿੱਗਰ ਹੋਣਾ ਚਾਹੀਦੀ ਹੈ।
ਅਸੀਂ ਪਹਿਲੇ ਹੀ ਅਚੇਤ ਵਿਚ ਵਸੇ ਹੋਏ ਪ੍ਰਭਾਵਾਂ ਨਾਲ ਗੱਲ ਕਰਦੇ ਹਾਂ। ਸਾਡੀ ਆਗਾਮੀ ਸੋਚ, ਅਚੇਤ ਸੋਚ ਨਾਲ ਜਰਬਾਂ ਦੇਕੇ ਹੀ ਕੋਈ ਨੁਕਤਾ ਸੋਚਦੀ ਹੈ।
ਆਪਣੀ ਈਗੋ ਨੂੰ ਸੰਤੁਸ਼ਟ ਕਰਨ ਲਈ ਅਸੀਂ ਕਦੇ ਕਦੇ ਆਪਣੇ ਆਪ ਨੂੰ ਵੀ ਮੰਨਣ ਤੋਂ ਇਨਕਾਰੀ ਹੁੰਦੇ ਹਾਂ। ਦੂਜੇ ਸ਼ਬਦਾਂ ਵਿਚ ਨਵਾਂ ਗ੍ਰਹਿਣ ਹੀ ਨਹੀ ਕਰਨਾ ਚਾਹੁੰਦੇ। ਕੀ ਅਸੀਂ ਬਾਬੇ ਨਾਨਕ ਦੇ ਸੱਚੇ ਪੈਰੋਕਾਰ ਹਾਂ? ਜੇ ਹਾਂ ਤਾਂ ਫੇਰ ਕਿਉਂ ਗੋਸਟ ਵਿਚਾਰ ਨੂੰ ਵਿਸਾਰ ਬੈਠੇ ਹਾਂ?
ਸਾਨੂੰ ਅਕਸਰ ਹਰ ਦਿਨ ਨਵੇਂ ਮੌਕੇ ਮਿਲਦੇ ਹਨ, ਨਵਾਂ ਸਿਖਣ ਲਈ। ਆਸੇ ਪਾਸੇ ਵਿਚਰਦੀ ਦੁਨੀਆਂ ਪਰਾਈ ਨਹੀ ਹੁੰਦੀ ਪਰ ਅੱਖਾਂ ਤੋਂ ਪੱਟੀ ਉਤਾਰਨ ਦੀ ਹਿੰਮਤ ਨਹੀ ਹੁੰਦੀ। ਖਦਸ਼ਾ ਹਾਜ਼ਰ ਹੁੰਦਾ ਹੈ ਕਿ ਕੌਣ ਇਤਨੀ ਰੌਸ਼ਨੀ ਬਰਦਾਸ਼ਤ ਕਰੇਗਾ? ਗੰਧਾਰੀ, ਸਾਡੀ ਰਗ ਰਗ ਵਿਚ ਵਸੀ ਹੋਈ ਹੈ।
ਵਿਅਕਤੀ ਆਪਣੇ ਅੰਦਰ ਧਸੇ ਹੋਏ ਤੇ ਖੋਪੜੀ ਵਿਚ ਉਣੇ ਹੋਏ ਰੇਸ਼ਿਆਂ ਨੂੰ ਬਚਾ ਕੇ ਰਖਦਾ ਹੈ। ਸੋਚ-ਤਕਨੀਕ ਨੂੰ ਦਿਲ ਤੇ ਮੰਨਦਾ ਹੈ ਪਰ ਦਿਮਾਗ ਦੀ ਖਲਬਲੀ ਬਹੁਤੀ ਬਲਵਾਨ ਹੁੰਦੀ ਹੈ।
ਐਸਾ ਵੀ ਹੋ ਰਿਹਾ ਹੈ ਕਿ ਇਹ ਖਲਬਲੀ ਸਾਡੇ ਅਚੇਤ ਦਾ ਹਿੱਸਾ ਬਣਕੇ ਅਗਲੀ ਪੀੜੀ ਤੱਕ ਯਾਤਰਾ ਕਰਦੀ ਹੈ। ਅਸੀਂ ਜਮਾਦਰੂ ਹੀ ਕਈ ਗਲਾਂ ਨਾਲ ਜੁੜ ਜਾਂਦੇ ਹਾਂ ਜੋ ਅਸਲ ਵਿਚ ਸਾਡੀ ਸੰਸਕ੍ਰਿਤੀ ਦਾ ਹਿੱਸਾ ਹੀ ਨਹੀ ਸੀ। ਕਾਰਣ ਇਹ ਹੈ ਕਿ ਅਸੀਂ ਵਕਤ ਰਹਿੰਦਿਆਂ,ਨਾਨਕ-ਬਾਣੀ ਨਾਲ ਜੁੜ ਹੀ ਨਹੀ ਸਕੇ। ਚੇਤੰਨ ਹੋਕੇ ਜੁੜਾਂਗੇ ਤਾਂ ਪਤਾ ਲਗੇਗਾ ਕਿ ਅਸੀਂ ਅਚੇਤ ਹੀ ਕਿਤਨਾ ਕੂੜ ਚੁੱਕੀ ਫਿਰਦੇ ਹਾਂ।
ਸਾਡੇ ਵੇਖਦਿਆਂ ਵੇਖਦਿਆਂ ਹੀ ਵਿਆਹ ਸੰਸਥਾ ਦੇ ਕਾਇਦੇ ਬਦਲ ਗਏ ਤੇ ਅਸੀਂ ਕੁਝ ਵੀ ਨਹੀ ਕਰ ਸਕੇ ਤੇ ਕੁਝ ਵੀ ਕਰਨ ਨੂੰ ਤਿਆਰ ਵੀ ਨਹੀ ਹਾਂ।
ਆਮ ਹੁੰਦੀ ਭਰੂਣ ਹਤਿਆ ਵੇਖ ਵੀ ਸਾਨੂੰ ਨਾਨਕ-ਬਾਣੀ ਦੀ ਚੇਤਨਾ ਭਾਵਕ ਨਹੀ ਕਰਦੀ। ਕਾਰਣ ਇਹੋ ਹੈ ਕਿ ਅਸੀਂ ਦਿਲੋਂ ਨਾਨਕ-ਬਾਣੀ ਨਾਲ ਜੁੜਦੇ ਨਹੀ, ਸਿਰਫ ਪਾਖੰਡ ਕਰਦੇ ਹਾਂ।
ਐਸਾ ਨਹੀ ਹੈ ਕਿ ਕੁਝ ਹੋ ਨਹੀ ਸਕਦਾ, ਬਿਲਕੁਲ ਹੋ ਸਕਦਾ ਹੈ ਪਰ ਉਹਦੇ ਲਈ ਆਪਣੇ ਆਪ ਨੂੰ ਐਸੇ ਵਰਤਾਰੇ ਤੋਂ ਨਿਰਲੇਪ ਕਰਨਾ ਪਵੇਗਾ। ਸਾਡੇ ਕੋਲ ਆਪਣੇ ਪੁਰਖਿਆਂ ਦਾ ਸਿਰਜਿਆ ਹੋਇਆ ਮਾਡਲ ਮੌਜੂਦ ਹੈ। ਉਹ ਮਾਡਲ ਸਾਡੇ ਅਚੇਤ ਵਿਚ ਵਸਿਆ ਹੋਇਆ ਹੈ ਪਰ ਦੁਨਿਆਂਦਾਰੀ ਦੇ ਸੁਚੇਤ ਵਰਤਾਰਿਆਂ ਨੇ ਉਸਨੂੰ ਦੂਸ਼ਿਤ ਕਰ ਦਿੱਤਾ ਹੈ। ਐਸਾ ਵੀ ਨਹੀ ਕਿ ਅਸੀਂ ਨਵੀਆਂ ਪ੍ਰਸਥਿਤੀਆਂ ਨੂੰ ਨਜ਼ਰ ਅੰਦਾਜ਼ ਕਰ ਦੇਈਏ। ਕਈ ਵਾਰ ਸਮਝੌਤੇ ਵੀ ਕਰਨੇ ਪੈਂਦੇ ਹਨ ਪਰ ਇਹ ਸਮਝੌਤੇ ਸੱਚ ਤੇ ਅਧਾਰਿਤ, ਸਿਧਾਂਤ ਦੇ ਅਨੁਸਾਰਣੀ ਤੇ ਵਰਤਮਾਨ ਦੇ ਹਾਣੀ ਹੋਣੇ ਚਾਹੀਦੇ ਹਨ। ਸਾਨੂੰ ਉਸ ਅਧਾਰ ਦੀ ਬੌਟਮ ਲਾਈਨ ਉਲੰਘਣੀ ਨਹੀ ਚਾਹੀਦੀ ਜੋ ਸਾਡੇ ਸਭਿਆਚਾਰ ਦੇ ਅਨੁਕੂਲ ਨਾ ਹੋਵੇ।
ਜੋ ਜਨਮ ਤੋਂ ਹੀ ਸੰਸਕਾਰਾਂ ਸਮੇਤ ਸਾਡੇ ਵਿਚ ਰਚਿਆ ਹੋਇਆ ਹੈ। ਵਕਤ ਦੀ ਧੂੜ ਨੇ ਉਸਨੂੰ ਮੈਲਾ ਕਰ ਦਿੱਤਾ ਹੈ। ਸਚੁ ਆਚਾਰੁ ਸਾਡੇ ਅੰਦਰ ਹੈ ਪਰ ਅਸੀਂ ਹੀ ਅਵੇਸਲੇ ਹਾਂ।
ਸੋਚ-ਹਲੂਣਾ ਇਹ ਗੱਲ ਤਸਲੀਮ ਕਰਨ ਵਿਚ ਕੋਈ ਹਰਜ਼ ਨਹੀ ਸਮਝਦਾ ਕਿ ਸਾਡੇ ਸੰਸਕਾਰਾਂ ਤੇ ਜੰਮੀ ਧੂੜ ਨੇ ਸਾਡਾ ਫੱਕਾ ਨਹੀ ਛਡਣਾ।
ਸੰਪਾਦਕੀ ਬੋਰਡ