ਰਵਾਇਤੀ ਕਦਰਾਂ ਨੂੰ ਸਮਰਪਿਤ

ਕੀ ਸਮਾਂ ਬਦਲ ਗਿਆ ਹੈ ਜਾਂ ਸਮੇ ਨੇ ਸਾਨੂੰ ਬਦਲ ਦਿੱਤਾ ਹੈ। ਅਸੀਂ ਰੌਲਾ ਪਾਉਣ ਦੇ ਆਦੀ ਹੋ ਗਏ ਹਾਂ। ਅਸੀਂ ਰੌਲਾ ਸੁਣਨ ਦੇ ਆਦੀ ਹੋ ਗਏ ਹਾਂ।

ਕੀ ਅਸੀਂ ਕਦੇ ਫੇਲ ਵੀ ਹੋਏ ਹਾਂ? ਫੇਲ ਹੋਣਾ ਤਾਂ ਸਾਡਾ ਸੁਭਾਅ ਹੀ ਨਹੀ ਹੈ।

ਕੀ ਕਰਨੀਆਂ ਹਨ ਅਸੀਂ ਸੂਰਜ ਦੀਆਂ ਕਿਰਨਾਂ? ਕੀ ਸੂਰਜ ਸਾਡੇ ਤੋਂ ਵਡਾ ਹੈ? ਸਾਡੇ ਕੋਲ ਬਿਜਲੀ ਹੈ, ਸਾਡੇ ਕੋਲ ਕਰੰਟ ਹੈ। ਹੈ ਕਿਸੇ ਕਿਰਨ ਕੋਲ ਕਰੰਟ ਜੋ ਝੁਣਝੁਣੀ ਪੈਦਾ ਕਰ ਦੇਵੇ?

ਸਿਆਣਿਆਂ ਨੇ ਕਿਰਨਾ ਨੂੰ ਵਿਟਾਮਿਨ ਡੀ ਨਾਲ ਨੱਥੀ ਕਰ ਦਿੱਤਾ ਹੈ। ਜੇ ਫਿਰ ਵੀ ਚਿੱਤ ਨਹੀ ਮੰਨਦਾ ਤਾਂ ਕੈਪਸੂਲ ਖਾ ਲਵੋ, ਵਿਟਾਮਿਨ ਡੀ ਕਿਹੜਾ ਗਿਦੜਸਿੰਗੀ ਹੈ ਜਿਸ ਲਈ ਭਟਕਣਾ ਪਵੇਗਾ?

ਅੱਜ ਫਰਕ ਮਿੱਟ ਗਿਆ ਹੈ— ਕੀ ਕਰ ਸਕਦੇ ਹਾਂ—ਕੀ ਹੋਣਾ ਚਾਹੀਦਾ ਹੈ-ਕਿਉਂ ਹੋਣਾ ਚਾਹੀਦਾ ਹੈ—ਮਾਰਕੀਟ ਵਿਚ ਸਭ ਕੁਝ ਉਪਲਬਦ ਹੈ।

ਇਹ ਅੱਗ ਜੋ ਸਾਡੇ ਘਰ ਸਾੜ ਦਿੰਦੀ ਹੈ, ਇਸਨੂੰ ਖਤਮ ਕਰਨ ਦੇ ਮਨਸੂਬੇ ਬਨਾਉਣੇ ਚਾਹੀਦੇ ਹਨ। ਇਹ ਕੋਈ ਔਖਾ ਕੰਮ ਨਹੀ ਹੈ। ਐਡ ਦੇਵੋ ਕੋਈ ਨਾ ਕੋਈ ਦਰਵੇਸ਼ ਦਸ ਦੇਵੇਗਾ ਕਿਸੇ ਸ਼ਰਾਪ ਦਾ ਸਲੋਕ। ਸਾਨੂੰ ਤਾਂ ਉਹ ਅੱਗ ਚਾਹੀਦੀ ਹੈ ਜੋ ਸਾਡੇ ਕੰਟਰੌਲ ਵਿਚ ਹੋਵੇ। ਬਟਨ ਨਪੀਏ ਤੇ ਅੱਗ ਬਲ਼ ਪਵੇ, ਬੱਟਨ ਨਪੀਏ ਤਾਂ ਅੱਗ ਬੁਝ ਜਾਵੇ।

ਸਾਨੂੰ ਤਾਂ ਮਰਦ ਵੀ ਨਹੀ ਚਾਹੀਦੇ, ਕੀ ਕਰਨੇ ਹਨ ਮਰਦ? ਹੁਣ ਜਦੋਂ ਅਸੀਂ ਰੋਬੋਟ ਸਿਰਜ ਲਏ ਹਨ ਤਾਂ ਮਰਦਾਂ ਦੀ ਕੀ ਲੋੜ? ਐਵੇਂ ਬੇਲੋੜੇ ਬੋਲਦੇ ਹਨ ਤੇ ਟਿੰਡ ਵਿਚ ਕਾਨਾ ਟੰਗ ਦਿੰਦੇ ਹਨ।

ਕੀ ਕਰਨੀਆ ਹਨ ਪ੍ਰਸੂਤ ਪੀੜਾਂ? ਜੇ ਨੈਤਿਕਤਾ, ਜ਼ਮੀਰ ਤੇ ਭਾਈਚਾਰਾ ਹੀ ਮਰ ਗਿਆ ਹੈ।

ਕੀ ਕਰਨੀ ਹੈ ਹਰਿਆਵਲ? ਜੇ ਸਾਡੇ ਘਰਾਂ ਦੀ ਕੰਧਾਂ ਹਰੇ ਰੰਗ ਨਾਲ ਪੇਂਟ ਕੀਤੀਆਂ ਹੋਈਆਂ ਹਨ।

ਕੀ ਕਰਨੀ ਹੈ ਸਰਕਾਰ? ਜੇ ਰਾਤ ਨੂੰ ਭੁੱਖੇ ਹੀ ਸੌਣਾ ਹੈ।

ਕੀ ਕਰਨਾ ਹੈ ਘਰ ਜੇ ਕਿਸੇ ਦਿਨ ਇਸਨੇ ਬੰਬ ਨਾਲ ਉੱਡ ਜਾਣਾ ਹੈ।

Posted in

Leave a comment