
ਸਵੈ-ਸੰਤੁਸ਼ਟੀ ਦੀਆਂ ਭਾਵਨਾਵਾਂ ਦਾ ਸਬੰਧ ਉਸ ਸਮਾਜ ਨਾਲ ਹੁੰਦਾ ਹੈ ਜਿਸ ਵਿੱਚ ਅਸੀਂ ਰਹਿ ਰਹੇ ਹਾਂ।
ਦੋਸਤੀ ਦੁਨੀਆ ਦਾ ਸਭ ਤੋਂ ਵਧੀਆ ਖ਼ੂਬਸੂਰਤ ਰਿਸ਼ਤਾ ਹੈ।
ਕੀ ਤੁਸੀਂ ਸਹਿਮਤ ਹੋ?
ਮੈ ਸਹਿਮਤ ਨਹੀ ਹਾਂ।
ਸੁਰਜੀਤ ਮੇਰੇ ਦੋਸਤ
ਮੈਂ ਅੱਧੀ ਸਦੀ ਤੋਂ ਵੱਧ ਸਮੇਂ ਤੋਂ ਇਸ ਮੌਕੇ ਦਾ ਇੰਤਜ਼ਾਰ ਕੀਤਾ ਹੈ, ਇੱਕ ਵਾਰ ਫਿਰ ਤੁਹਾਡੇ ਲਈ ਸਦੀਵੀ ਵਫ਼ਾਦਾਰੀ ਅਤੇ ਸਦੀਵੀ ਪਿਆਰ ਦੀ ਸਹੁੰ ਨੂੰ ਦੁਹਰਾਉਣ ਲਈ। ਮੈ ਆਪਣੀ ਸਵੇਰ ਲੱਭਦਾ ਹੀ ਰਹਿੰਦਾ ਹਾਂ ਅਤੇ ਤਰੋ-ਤਾਜ਼ਾ ਹੋ ਜਾਂਦਾ ਹੈ।”
ਦੋਸਤੀ ਰਿਸ਼ਤਾ ਨਹੀ ਸਗੋਂ ਇੱਕ ਜਜ਼ਬਾ ਹੈ। ਇਸ ਦੀ ਸ਼ਕਲ ਨਹੀ ਹੋ ਸਕਦੀ। ਜਜ਼ਬਾ ਕਿਸੇ ਇਨਸਾਨ ਵਰਗਾ ਨਹੀ ਹੋ ਸਕਦਾ।
ਦਿਲ ਦੀ ਹਰ ਗੱਲ ਸਾਂਝੀ ਹੋ ਜਾਵੇ ਇਹ ਵੀ ਸਹੀ ਨਹੀ। ਹਰ ਗੱਲ ਨਹੀ ਸਗੋਂ ਗੱਲ ਸਾਂਝੀ ਹੋ ਜਾਵੇ ਤਾਂ ਜਜ਼ਬਾ ਪੁੰਗਰ ਪੈਂਦਾ ਹੈ। ਇਹ ਚੋਣ ਨਹੀ,ਇਹ ਤੇ ਇੱਕ ਸ਼ੈਲੀ ਹੈ।
ਸ਼ੈਲੀ ਹੀ ਸ਼ਕਲ ਨੂੰ ਮਨਫੀ ਕਰ ਦਿੰਦੀ ਹੈ। ਸ਼ੈਲੀ ਹੀ ਜ਼ਿੰਦਗੀ ਦਾ ਬਸਰ ਹੈ।
ਇਹ ਸ਼ੈਲੀ ਤੁਹਾਡੀ ਹੀ ਨਹੀ ਸਗੋਂ ਕਿਸੇ ਹੋਰ ਦੀ ਵੀ ਹੈ ਜਿਸਨੂੰ ਤੁਸੀਂ ਸਹਿਜੇ ਹੀ ਦੋਸਤ ਕਹਿ ਸਕਦੇ ਹੋ। ਸੈਲੀ ਦੀਆਂ ਸੀਮਾਵਾਂ ਨਹੀ ਹੁੰਦੀਆਂ।
ਹਰ ਮੁਸ਼ਕਿਲ ਹਰ ਪਰੇਸ਼ਾਨੀ ਵਿੱਚ ਸ਼ੈਲੀ ਹੀ ਮਾਰਗ-ਦਰਸ਼ਕ ਹੈ ਜੋ ਕਿਸੇ ਕਾਇਦੇ ਨੂੰ ਨਹੀ ਮੰਨਦੀ।
ਇਸ਼ਕ ਨੇ ਦੋਸਤੀ ਤੋਂ ਪੁੱਛ ਹੀ ਲੈਣਾ ਹੁੰਦਾ ਹੈ
ਜਦੋਂ ਮੈਂ ਇੱਥੇ ਤਾਂ ਤੇਰਾ ਕੀ ਕੰਮ?
ਦੋਸਤੀ ਨੇ ਇਸ਼ਕ ਨੂੰ ਮਹਿਸੂਸ ਕਰਵਾ ਦੇਣਾ ਹੈ ਕਿ ਮੈਂ ਤੇਰਾ ਹੀ ਤਾਂ ਨਾਮ ਹਾਂ, ਆਪਾਂ ਦੋ ਕਿੱਥੇ ਹਾਂ?
ਸਮਾਜ ਦੇ ਅਸੂਲ ਸਾਡੇ ਬਣਾਏੇ ਹੋਏ ਨਹੀ ਹਨ। ਇਨ੍ਹਾਂ ਦਾ ਸਬੰਧ ਇਤਿਹਾਸ, ਸਮਾਜਿਕ ਰਿਸ਼ਤੇ ਤੇ ਸਾਡੇ ਵਡੇਰਿਆਂ ਨਾਲ ਸਬੰਧਤ ਹਨ। ਸਮੇ ਸਮੇ ਇਸ ਵਿੱਚ ਤਬਦੀਲੀ ਤੇ ਆਉਂਦੀ ਹੈ ਪਰ ਉਲਟ ਫੇਰ ਦੀ ਗੁੰਜਾਇਸ਼ ਨਹੀ ਹੈ।
ਉਲਟ ਫੇਰ ਤੇ ਜਜ਼ਬਾ ਕਰਵਾਉਂਦਾ ਹੈ, ਉਹ ਜਜ਼ਬਾ ਜੋ ਸਾਡੀ ਸ਼ੈਲੀ ਵਿਚੋਂ ਪੁੰਗਰਦਾ, ਫੁਟਦਾ ਤੇ ਜੁਆਨ ਹੁੰਦਾ ਹੈ।
ਜਿਹੜੇ ਹਿੱਤਾਂ ਦੀ ਪੂਰਤੀ, ਦੂਜਿਆਂ ਦੇ ਨੁਕਸਾਨੇ ਭਾਂਡੇ ਵਿੱਚ ਪ੍ਰਵਾਨ ਚੜਦੀ ਹੈ। ਉਹ ਤੁਹਾਡੀ ਜ਼ਮੀਰ ਨੂੰ ਵੀ ਮਨਜੂਰ ਨਹੀ ਹੋਵੇਗੀ। ਇਹ ਗੱਲ ਤੇ ਆਪਣੇ ਆਪ ਨੂੰ ਪੁੱਛਣੀ ਪੈਂਦੀ ਹੈ। ਦਿਲ ਨਾਲ ਪੁੱਛੀ ਗੱਲ ਦਾ ਜੁਆਬ ਸਾਡਾ ਜਜ਼ਬਾ ਦੇਵੇਗਾ।
ਇੱਥੇ ਪੁੱਛ ਜੋਤਸ਼ੀ ਵਾਲੀ ਨਹੀ ਚਲਦੀ। ਸਗੋਂ ਦਿਲ ਨੂੰ ਪੁੱਛਣ ਵਾਲੀ ਹੁੰਦੀ ਹੈ, ਦਿਮਾਗ ਤੇ ਸ਼ੈਤਾਨ ਦੀ ਟੂਟੀ ਹੈ ਪਰ ਦਿਲ ਤੇ ਕਦੇ ਝੂਠ ਬੋਲਦਾ ਹੀ ਨਹੀ।
ਹਰ ਮਨੁੱਖ ਵਿੱਚ ਪਰਉਪਕਾਰ ਪ੍ਰਤੀ ਝੁਕਾਅ ਮੌਜੂਦ ਹੁੰਦੇ ਹਨ। ਇਹ ਝੁਕਾਅ, ਲੋਭਾਂ ਤੇ ਹਿਰਸਾਂ ਨੇ ਢੱਕੇ ਹੁੰਦੇ ਹਨ। ਸਾਰੇ ਨਾਂਹ-ਪੱਖਾਂ ਤੇ ਸ਼ੈਲੀ ਕਰਵਟ ਲੈਂਦੀ ਹੈ ਪਰ ਸੁਣਨ ਦੀ ਸ਼ਕਤੀ ਤੇ ਦਿਮਾਗ ਕੋਲ ਹੈ, ਉਹ ਇਨਕਾਰ ਵੀ ਕਰ ਦਿੰਦਾ ਹੈ।
ਸਵੈ-ਸੰਤੁਸ਼ਟੀ ਦਾ ਸਬੰਧ, ਬਟਲਰ ਦੇ ਉਸ ਕੰਨਸੈਪਟ ਨਾਲ ਜਾ ਮਿਲਦਾ ਹੈ ਜੋ ਕਹਿੰਦਾ ਹੈ ਕਿ ਦਿਲ ਦੀ ਆਵਾਜ਼ ਹੀ ਅਸਲ ਹੈ ਦਿਮਾਗ ਤੇ ਹਮੇਸ਼ਾਂ ਹੀ ਭਟਕਦਾ ਰਹਿੰਦਾ ਹੈ।
ਬਟਲਰ ਕਨਸੈਪਟ ਔਫ ਕੌਨਸਾਇੰਸ ਵਿੱਚ, ਬਟਲਰ ਨੌ ਮਦਾਂ ਦਾ ਜ਼ਿਕਰ ਕਰਦਾ ਹੈ ਉਨ੍ਹਾਂ ਨੋਵਾਂ ਵਿੱਚੋਂ ਇੱਕ ਸਮਾਂ ਹੈ। ਜ਼ਮੀਰ ਦੀ ਅਵਾਜ਼ ਵਿੱਚ ਜੇ ਵਿੱਥ ਪੈ ਗਈ ਤਾਂ ਉਹ ਜ਼ਮੀਰ ਦੀ ਅਵਾਜ਼ ਨਹੀ ਰਹਿੰਦੀ। ਇਸ ਵਿੱਥ ਵਿੱਚ ਸਾਡਾ ਦਿਮਾਗ ਸ਼ਾਮਲ ਹੋ ਜਾਂਦਾ ਹੈ।
ਜਮੀ ਹੋਈ ਸਨੋ ਤੇ ਜਦੋਂ ਮੀਹ ਦੀ ਕਣੀ ਡਿਗਦੀ ਹੈ ਤਾਂ ਬਿਨ੍ਹਾਂ ਵਕਤ ਗਵਾਏ ਡੂੰਘੀ ਧਸ ਜਾਂਦੀ ਹੈ।
ਵਿੱਥ ਭਟਕਾ ਦਿੰਦੀ ਹੈ,ਇਸ ਭਟਕਣ ਨੂੰ ਟੋਕਣ ਵਾਲਾ, ਤੁਹਾਡਾ ਦੋਸਤ ਮੌਜੂਦ ਹੁੰਦਾ ਹੈ।
ਦੋਸਤੀ ਦੀ ਮਿਠਾਸ ਵਿੱਚ ਮੁਸਕਰਾਹਟ ਤੇ ਖੁਸ਼ੀ ਦੀ ਸਾਂਝ ਹੁੰਦੀ ਹੈ। ਨਿੱਕੀਆਂ-ਨਿੱਕੀਆਂ ਗੱਲਾਂ ਦੀ ਤ੍ਰੇਲ ਵਿੱਚ ਦਿਲ ਆਪਣੀ ਸਵੇਰ ਲੱਭਦਾ ਹੈ ਅਤੇ ਤਰੋ-ਤਾਜ਼ਾ ਹੁੰਦਾ ਹੈ।


Leave a comment