ਰਵਾਇਤੀ ਕਦਰਾਂ ਨੂੰ ਸਮਰਪਿਤ

ਦੋ ਕੁ ਦਹਾਕੇ ਪਹਿਲਾਂ,ਯਥਾਰਥ ਦੀ ਗੱਲ ਬਹੁਤ ਲਾਉਡ ਹੋਕੇ ਕੀਤੀ ਜਾਂਦੀ ਸੀ ਤੇ ਆਦਰਸ਼ਕ ਗੱਲ ਨੂੰ ਸਮਾਜ ਦੀ ਰਹਿੰਦ ਖੂੰਦ ਨਾਲ ਜੋੜ ਕੇ ਸੁਰਖਰੂ ਹੋਇਆ ਜਾਂਦਾ ਸੀ।

ਮੈ ਸੁਆਲ ਤੇ ਨਹੀ ਕਰਦਾ ਸੀ ਪਰ ਗੱਲ ਹਜ਼ਮ ਕਰਨੀ ਔਖੀ ਸੀ। ਕੀ ਯਥਾਰਥ ਤੇ ਆਦਰਸ਼ ਵਿੱਚ ਲਕੀਰ ਖਿਚੀ ਜਾ ਸਕਦੀ ਹੈ? ਕੀ ਆਦਰਸ਼ ਨੂੰ ਸਕੂਲੀ ਸ਼ਬਦਾਵਲੀ ਨਾਲ ਹੀ ਜੋੜਿਆ ਜਾਂਦਾ ਸੀ? ਸਦਾ ਸੱਚ ਬੋਲੋ, ਬੇਈਮਾਨੀ ਨਾਂ ਕਰੋ। ਐਸੀ ਗੱਲ ਤੇ ਨਹੀ ਹੋ ਸਕਦੀ।

ਆਦਰਸ਼ ਤੇ ਉਨ੍ਹਾਂ ਕਦਰਾਂ ਕੀਮਤਾਂ ਦੀ ਗੱਲ ਹੈ ਜੋ ਸਾਹਿਤ ਨੂੰ ਵੀ ਸੁਚਾਰੂ ਬਣਾਉਂਦੀਆਂ ਹਨ।

ਅੱਜ ਯਥਾਰਥ ਦੇ ਮਾਇਨੇ ਵੀ ਬਦਲ ਗਏ ਹਨ।  ਜੇ ਉਦੋਂ ਯਥਾਰਥ ਕਰੂਰ ਹਕੀਕਤਾਂ ਨੂੰ ਕਬੂਲ ਕਰਨ ਦੀ ਪਹੁੰਚ ਸੀ ਤਾਂ ਇਸ ਕਰੂਰ ਹਕੀਕਤਾਂ ਬਾਰੇ  ਅੱਜ ਕੀ ਕਿਹਾ ਜਾ ਸਕਦਾ ਹੈ?

ਕੀ ਇੰਜ ਤੇ ਨਹੀ ਕਿ ਵਿਅਕਤੀ ਅੱਜ ਨਿੱਜ ਦਾ ਸੋਚਦਾ ਹੈ? ਉਹ ਹੇਰਾਫੇਰੀਆਂ ਨੂੰ ਜਾਇਜ਼ ਸਿਧ ਕਰਨ ਲਈ  ਯਥਾਰਥ ਸ਼ਬਦ ਦਾ ਸਹਾਰਾ ਲੈ ਲੈਂਦਾ ਹੈ।

ਇਹ ਗੱਲ ਨਹੀ ਭੁਲਣੀ ਚਾਹੀਦੀ ਕਿ ਬੇਈਮਾਨੀ ਬਾਰੇ ਹੱਕੀ ਸੰਘਰਸ਼ ਹੋ ਹੀ ਨਹੀ ਰਿਹਾ। ਸ਼ੋਰਟ-ਕੱਟ ਰਚਨਾਵਾਂ ਤੇ  ਰਚਨਾਕਾਰਾਂ ਨੇ ਇੱਕ ਚੱਕਰਵਿਉ ਰਚ ਲਿਆ ਹੈ ਤੇ ਅਸੀਂ ਸਾਰੇ ਪਤਾਸੀ ਵਧਾਈਆ ਦੇਣ ਤੁਰ ਪੈਂਦੇ ਹਾਂ।

ਐਸਾ ਨਹੀ ਕਿ ਵਧੀਆ ਰਚਨਾਵਾਂ ਨਹੀ ਹੋ ਰਹੀਆਂ। ਹਰ ਵਿਧਾ ਵਿੱਚ ਵਧੀਆਂ ਰਚਨਾਵਾਂ ਆ ਰਹੀਆਂ ਹਨ।

ਸੁਆਲ ਤੇ ਉਨ੍ਹਾਂ ਧਨੰਤਰਾਂ ਦਾ ਹੈ ਜੋ ਇਹ ਫੈਸਲਾ ਕਰਦੇ ਹਨ ਕਿ ਕਿਹੜੀ ਰਚਨਾ ਸਭ ਤੋਂ ਵਧੀਆਂ ਹੈ।

ਰਚਨਾਵਾਂ ਦਾ ਮੁਕਾਬਲਾ ਕਰਨਾ ਬਿਲਕੁਲ ਗਲਤ ਹੈ। ਰਚਨਾ ਵਿੱਚ ਲੇਖਕ ਕੀ ਕਹਿ ਰਿਹਾ ਹੈ ਇਸਦਾ ਫੈਂਸਲਾ ਵੀ ਧਿਰਾਂ ਨੇ ਆਪਣੇ  ਹੱਥ ਵਿੱਚ ਲੈ ਲਿਆ ਲਗਦਾ ਹੈ।

ਇਹ ਠੀਕ ਹੈ ਕਿ ਅੱਜ ਦਾ ਸਮਾਜ ਗੁੰਝਲਦਾਰ ਹੈ ਤੇ ਇਹੋ ਜਿਹੀਂਆ ਸਮਸਿਆਵਾਂ ਦੇ ਸਨਮੁੱਖ ਹਾਂ ਜਿਨ੍ਹਾਂ ਦਾ ਕਿਆਸ ਵੀ ਨਹੀ ਸੀ ਪਰ ਇਨ੍ਹਾਂ ਬਾਰੇ ਮੈਸਜ਼ ਇਹੋ ਜਿਹਾ ਤੇ ਨਹੀ ਹੋ ਸਕਦਾ ਕਿ ਸਮਸਿਆ ਦੀ ਸਹੀ ਨਬਜ਼ ਨੂੰ ਛਡਕੇ ਉਸਨੂੰ ਹੋਰ ਵੀ ਡੁੰਘਾਣ ਵਿਚ ਗਰਕਣ ਲਈ ਛਡ ਦਿੱਤਾ ਜਾਵੇ। ਇਹ ਮੁੱਦਾ ਵਖਰੇ ਸੰਵਾਦ ਨੂੰ ਮੰਗ ਕਰਦਾ ਹੈ ਕਿਤੇ ਫੇਰ ਗੱਲ ਤੋਰਾਂਗਾ।

ਹੁਣ ਵਿਚਾਰਨ ਵਾਲੀ ਗੱਲ ਹੈ ਕਿ ਕੀ ਕਿਸੇ ਕਿਸਮ ਦੇ ਬਦਲਾਵ ਦੀ ਕੋਈ ਗੁੰਜਾਇਸ਼ ਹੈ? ਜੇ ਨਹੀ ਤਾਂ ਕਿਉਂ ਨਹੀ? ਅੱਜ ਇਹ ਸੋਚਣ ਦਾ ਸਮਾਂ ਹੈ ਨਹੀ ਤਾਂ ਸਾਡੀਆ ਪੀੜੀਆਂ ਸਾਨੂੰ ਮੁਆਫ ਨਹੀ ਕਰਨਗੀਆਂ ਕਿਉਂਕਿ ਬਦਲਾਵ ਤੇ ਹੋਣਾ ਹੈ,ਕਿਸੇ ਵੀ ਕਾਲ ਵਿੱਚ ਹੋਵੇ। ਇਤਿਹਾਸ ਤੇ ਇਹੋ ਦਸੇਗਾ ਕਿ ਬਦਲਾਵ ਵਾਲੇ ਸਮੇ,ਸਾਡਾ ਜ਼ਮਾਨਾ ਝੂਠ, ਫਰੇਬ ਤੇ ਠੱਗੀ ਵਾਲਾ ਸੀ ਕਿਉਂਕਿ ਅਸੀਂ ਇਹੋ ਕੁਝ ਕਰ ਰਹੇ ਹਾਂ।

ਮੈ ਸੋਚਦਾ ਤੇ ਸਮਝਦਾ ਸੀ ਕਿ ਇਸ ਟੌਪਿਕ ਦੇ ਸੰਵਾਦ ਸ਼ੁਰੂ ਹੋਵੇਗਾ ਪਰ ਐਸਾ ਹੋਇਆ ਨਹੀ। ਮੈ ਜੋ ਕਿਹਾ ਹੈ ਇਹ ਮੇਰਾ ਪੱਖ ਹੈ ਜੋ ਸ਼ਾਇਦ ਅਧੂਰਾ ਹੋਵੇ ਪਰ ਕਿਸੇ ਨੇ ਕੋਈ ਸੁਆਲ ਉਠਾਇਆ ਨਹੀ। ਇਸ ਲਈ ਇਹ ਟੌਪਿਕ ਇੱਥੇ ਹੀ ਸਮਾਪਤ ਕਰਦਾ ਹਾਂ। ਹਰ ਸੰਜੀਦਾ ਸੁਆਲ ਦਾ ਜੁਆਬ ਦੇਣਾ ਮੇਰਾ ਇਖਲਾਕੀ ਫ਼ਰਜ ਹੈ ਉਹ ਭਾਵੇਂ ਮੇਰੇ ਉਲਟ ਹੀ ਕਿਉਂ ਨਾ ਜਾਵੇ।

Posted in

Leave a comment