ਰਵਾਇਤੀ ਕਦਰਾਂ ਨੂੰ ਸਮਰਪਿਤ

ਕੀ ਇਰਾਕ ਵਾਲਾ ਬਾਰੂਦ ਅਜੇ ਵੀ ਜ਼ਿੰਦਾ ਹੈ?

ਬਾਰੂਦ ਨੂੰ ਤਿਲੀ ਕੌਣ ਲਾਉਂਦਾ ਹੈ?

ਗੱਲ ਤੇ ਪੁਰਾਣੀ ਹੈ ਪਰ ਸੰਦਰਭ  ਉਹੋ ਹਨ ਜੋ ਪਹਿਲਾਂ ਵੀ ਤੇ ਹੁਣ ਵੀ ਚਲ ਰਹੇ ਹਨ।

ਉਦੋਂ ਇਰਾਕ ਸੀ ਤੇ ਸਦਾਮ ਸੀ ਹੁਣ ਯੁਕਰੇਨ ਤੇ ਜੈਲੰਸਕੀ ਹੈ।

ਰਾਜੀਨਤੀਕ ਖੇਡ ਤੇ ਸਦਾਮ ਦੀ ਵੀ ਸੀ ਤੇ ਲਗਦਾ ਹੈ ਜੈਲੰਸਕੀ ਵੀ ਉਹੋ ਜਿਹੀ ਰਾਜਨੀਤੀ ਤੋਂ ਹੀ ਪ੍ਰੇਰਿਤ ਹੈ। ਇਰਾਕੀ ਲੋਕ ਵੀ ਨਦਾਰਦ ਸਨ ਤੇ ਯੁਕਰੇਨੀ ਵੀ ਨਦਾਰਦ ਹਨ। ਯੁਕਰੇਨ ਤੋਂ ਪਹਿਲਾਂ ਚਾਰ ਕਰੋੜ ਤੋਂ ਵਧ ਲੋਕ ਹੁਣ ਇੱਕ ਕਰੋੜ ਤੇ ਪੰਜਾਹ ਕੁ ਲੱਖ ਹਨ। ਇਹ ਪੁਸ਼ਟੀ ਨਹੀ ਸਿਰਫ ਰਿਪੋਰਟਾ ਤੇ ਅਧਾਰਿਤ ਹੈ।

ਹੁਣ ਯੁਕਰੇਨੀ ਮਾਵਾਂ ਬੱਚੇ ਨਹੀ ਪਾਲ ਰਹੀਆਂ। ਉਹ ਰੋਟੀ ਦੀ ਫਿਕਰ ਵਿੱਚ ਹੀ ਹਨ।

ਟਰੰਫ ਪਹਿਲਾਂ ਵੀ ਇਸ ਅਹੁਦੇ ਤੇ ਰਹਿ ਚੁੱਕਾ ਹੈ। ਟਰੰਫ ਦੀਆਂ ਕੋਸ਼ਿਸ਼ਾਂ ਵਿੱਚ, ਦਿਸ ਤੇ ਇਹ ਰਿਹਾ ਹੈ ਕਿ ਯੁਕਰੇਨ ਤੇ ਰਸ਼ੀਆ  ਵਿੱਚ ਹੁਣ ਯੁੱਧ ਬੰਦ ਹੋ ਜਾਵੇਗਾ ਪਰ ਚਿੰਗਾਰੀਆਂ ਤੇ ਕੁਝ ਹੋਰ ਹੀ ਦਸ ਰਹੀਆਂ ਹਨ।

ਯੁਕਰੇਨ ਤੇ ਖਣਿਜ ਵਿਚ ਆ ਰਹੇ ਹਨ। ਅਮਰੀਕਾ ਖਣਿਜਾਂ ਲਈ ਉੱਥੇ ਬੈਠੇਗਾ ਤਾਂ ਕੀ ਇਹ ਯੁੱਧ ਵਿਰਾਮ ਦਾ ਸੰਕੇਤ ਹੋਵੇਗਾ? ਰੂਸ ਨੇ ਅਜੇ ਤੱਕ ਕੁਝ ਨਹੀ ਕਿਹਾ।

ਅੱਜ ਦੁਨੀਆ ਬਾਰੂਦ ਦੇ ਢੇਰ ਤੇ ਬੈਠੀ ਹੈ। ਕੋਈ ਪਤਾ ਨਹੀਂ ਕਦੋਂ ਕੋਈ ਤਿਲੀ ਬਲ਼ ਉੱਠੇ ਤੇ ਤਬਾਹੀ ਦੀ ਸੁਨਾਮੀ ਆ ਜਾਵੇ। ਇੰਟਰਨੈਸ਼ਨਲ ਕਾਨੂੰਨ ਦੀ ਚੋਰ ਮੋਰੀਆਂ ਰਾਹੀਂ ਵੱਡੇ ਦੇਸ਼ ਆਪੋ ਆਪਣੀ ਸੀਮਾ ਪਾਰ ਕਰ ਰਹੇ ਹਨ। ਡੈਮੋਕਰੇਸੀ ਦੀ ਗੱਲ ਕਰਨ ਵਾਲੇ ਸਿਰਫ਼ ਆਪਣੇ ਹਿਤ ਵੇਖਦੇ ਹਨ।  ਸੀ.ਐਨ. ਐਨ ਦੀ ਇੱਕ  ਪੁਰਾਣੀ ਰਿਪੋਰਟ ਹੈ,ਕਰਿਸ ਹੌਂਡਰਸ ਰਾਹੀਂ ਰਿਉਟਰਸ ਵੱਲੋਂ ਛਾਪੀ ਗਈ ਸੀ।  ਇਸ ਰਿਪੋਰਟ ਵਿੱਚ ਕੁੱਝ ਇਹੋ ਜਿਹੇ ਤੱਤ ਸਨ ਜਿਨ੍ਹਾਂ ਤੋਂ ਅੱਜ ਦੇ ਹਾਲਾਤ ਦੀ ਵੀ ਟੋਹ ਮਿਲਦੀ ਹੈ। ਜਾਰਜ ਬੁਸ਼ ਵਲ਼ੋਂ ਇਰਾਕ ਦੇ ਸੱਦਾਮ ਨਾਲ ਜੋ ਕੀਤਾ ਗਿਆ ਉਸ ਦਾ ਜ਼ਿਕਰ ਇਸ ਰਿਪੋਰਟ ਵਿੱਚ ਹੈ।

ਪੀਟਰ ਬਰਗਨ ਸੀਐਨਐਨ ਦਾ ਨੈਸ਼ਨਲ ਸੁਰੱਖਿਆ ਵਿਸ਼ਲੇਸ਼ਕ ਸੀ।

 ਉਹ “The Cost of Chaos: of The Trump Administration and the World.”ਦਾ ਲੇਖਕ ਹੈ। ਸੀ ਐਨ, ਐਨ ਦੇ ਸੰਪਾਦਕ ਨੇ ਪੱਲਾ ਝਾੜਦਿਆਂ ਲਿਖਿਆ ਸੀ ਕਿ ਇਸ ਕਮੈਂਟਰੀ ਬਾਰੇ ਵਿਚਾਰ ਉਸ ਦੇ ਆਪਣੇ ਹਨ।

ਦੋ ਦਹਾਕੇ ਪਹਿਲਾਂ 19 ਮਾਰਚ 2003 ਨੂੰ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੇ ਇਰਾਕ ਉੱਤੇ ਅਮਰੀਕੀ ਹਮਲੇ ਦਾ ਹੁਕਮ ਦਿੱਤਾ ਸੀ। ਬੁਸ਼ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਅਮਰੀਕੀਆਂ ਨੂੰ ਵਾਰ-ਵਾਰ ਦੱਸਿਆ ਸੀ ਕਿ ਇਰਾਕੀ ਤਾਨਾਸ਼ਾਹ ਸੱਦਾਮ ਹੁਸੈਨ ਸਮੂਹਿਕ ਵਿਨਾਸ਼ ਦੇ ਹਥਿਆਰਾਂ ਨਾਲ ਲੈਸ ਸੀ ਅਤੇ ਉਹ ਅੱਲ ਕਾਇਦਾ ਨਾਲ ਵੀ ਸਬੰਧਿਤ ਸੀ।

ਇਹਨਾਂ ਦਾਅਵਿਆਂ ਦੇ ਨਤੀਜੇ ਵਜੋਂ ਬਹੁਤੇ ਅਮਰੀਕੀ ਇਹ ਮੰਨਦੇ ਸਨ ਕਿ ਸੱਦਾਮ 11 ਸਤੰਬਰ 2001 ਦੇ ਹਮਲਿਆਂ ਵਿੱਚ ਸ਼ਾਮਲ ਸੀ। 9/11 ਦੇ ਇੱਕ ਸਾਲ ਬਾਅਦ, ਪਿਊ ਰਿਸਰਚ ਸੈਂਟਰ ਪੋਲਿੰਗ ਦੇ ਅਨੁਸਾਰ, ਦੋ-ਤਿਹਾਈ ਅਮਰੀਕੀਆਂ ਦਾ ਮੰਨਣਾ ਸੀ ਕਿ ਇਰਾਕੀ ਨੇਤਾ ਨੇ ਅੱਤਵਾਦੀਆਂ ਦੀ ਮਦਦ ਕੀਤੀ ਸੀ, ਹਾਲਾਂਕਿ ਇਸ ਦੇ ਲਈ ਕੋਈ ਠੋਸ ਸਬੂਤ ਨਹੀਂ ਸੀ। ਨਾ ਹੀ ਉਸ ਕੋਲ ਅਮਰੀਕੀ ਅਧਿਕਾਰੀਆਂ ਦੁਆਰਾ ਕਥਿਤ ਤੌਰ ‘ਤੇ ਕਹੇ ਜਾ ਰਹੇ ਕੈਮੀਕਲ ਦਾ ਭੰਡਾਰ ਸੀ।

ਯੂ ਐੱਸ ਅਤੇ ਯੂ ਕੇ ਦੀਆਂ ਫ਼ੌਜਾਂ ਨੇ ਕੁੱਝ ਹਫ਼ਤਿਆਂ ਦੇ ਅੰਦਰ ਸੱਦਾਮ ਦੀਆਂ ਫ਼ੌਜਾਂ ਨੂੰ ਹਰਾਇਆ, ਪਰ ਹਮਲਾਵਰਾਂ ਦੇ ਵਿਰੁੱਧ ਇੱਕ ਵਿਆਪਕ ਰੋਹ ਫੈਲ ਗਿਆ, ਜੋ ਸਾਲਾਂ ਤੱਕ ਜਾਰੀ ਰਿਹਾ। 13 ਦਸੰਬਰ, 2003 ਨੂੰ, ਯੂ ਐੱਸ ਸਪੈਸ਼ਲ ਓਪਰੇਸ਼ਨ ਬਲਾਂ ਨੇ ਸੱਦਾਮ ਨੂੰ ਉੱਤਰੀ ਇਰਾਕ ਵਿੱਚ ਇੱਕ ਬਹੁਤ ਛੋਟੀ ਬਣੀ ਗੁਫ਼ਾ ਵਿੱਚੋਂ ਫੜ ਲਿਆ, ਜਿਸ ਵਿੱਚ ਮੁਸ਼ਕਲ ਨਾਲ ਇੱਕ ਬੰਦਾ ਹੀ ਲੁੱਕ ਸਕਦਾ ਸੀ।

ਸੱਦਾਮ ਨੂੰ ਫੜ ਤੇ ਲਿਆ ਗਿਆ ਪਰ ਉਸ ਦੀ ਪੁੱਛਗਿੱਛ ਕੌਣ ਕਰੇ, ਇਹ ਵੱਡਾ ਮਸਲਾ, ਐਫ.ਬੀ. ਆਈ ਦੇ ਸਾਹਮਣੇ ਸੀ। ਅਮਰੀਕਾ ਦੇ ਸਾਹਮਣੇ ਇਹ ਵੀ ਮਸਲਾ ਸੀ ਕਿ ਉਹ ਆਪਣੇ ਆਪ ਨੂੰ ਸਹੀ ਕਿਵੇਂ ਠਹਿਰਾਏ? ਸਾਰਾ ਕੰਮ ਕਰਨ ਵਾਲਾ ਪਿਆ ਸੀ।

ਸੋਚ ਵਿਚਾਰ ਤੋਂ ਬਾਦ ਜਿਹੜਾ ਨਾਮ ਸਾਹਮਣੇ ਆਇਆ ਉਹ ਜਾਰਜ ਪੀਰੋ ਸੀ। ਜਾਰਜ ਪੀਰੋ ਇੱਕ ਅਮਰੀਕੀ ਵਿਸ਼ੇਸ਼ ਏਜੰਟ, ਸੱਦਾਮ ਤੋਂ ਪੁੱਛਗਿੱਛ ਕਰਨ ਲਈ ਸਹੀ ਵਿਅਕਤੀ ਸੀ। ਪੀਰੋ ਵਧੀਆ ਅਰਬੀ ਬੋਲ ਲੈਂਦਾ ਸੀ। ਸੱਦਾਮ ਤੋਂ ਪੁੱਛਗਿੱਛ,ਨੈਤਿਕ ਲਗਣੀ ਚਾਹੀਦੀ ਹੈ,ਇਸ ਲਈ ਪੀਰੋ ਹੀ ਸਹੀ ਵਿਅਕਤੀ ਸੀ।

ਐਫਬੀਆਈ ਨੇ ਫ਼ੈਸਲਾ ਕਰ ਲਿਆ ਕਿ ਜਾਰਜ ਪੀਰੋ, ਹੀ ਸੱਦਾਮ ਦੀ ਪੁੱਛਗਿੱਛ ਕਰੇਗਾ ਤੇ ਕੁੱਝ ਇਹੋ ਜਿਹਾ ਉਗਲਾ ਲਵੇਗਾ ਜਿਸ ਨਾਲ ਬੁਸ਼ ਦੀ ਕਾਰਵਾਈ ਠੀਕ ਲੱਗੇ।

ਸੱਦਾਮ ਤੋਂ ਇਰਾਕ ਦੇ ਸਮੂਹਿਕ ਵਿਨਾਸ਼ ਦੇ ਹਥਿਆਰਾਂ ਅਤੇ ਅੱਲ ਕਾਇਦਾ ਨਾਲ ਕਥਿਤ ਸੰਬੰਧਾਂ ਬਾਰੇ ਸਚਾਈ ਜਾਣਨ ਲਈ ਬਹੁਤ ਦਬਾਅ ਸੀ। ਸੀਆਈਏ ਦੇ ਡਾਇਰੈਕਟਰ ਜਾਰਜ ਟੇਨੇਟ ਨੇ ਬੁਸ਼ ਨੂੰ ਦੱਸ ਦਿੱਤਾ ਸੀ ਕਿ ਸੱਦਾਮ ਤੇ ਕੈਮੀਕਲ ਹਥਿਆਰ ਰੱਖਣ ਦਾ ਦੋਸ਼ ਦਾ ਕੋਈ ਆਧਾਰ ਨਹੀਂ ਹੈ ਤੇ ਇਹ ਬੇਬੁਨਿਆਦ ਹੈ।

ਇਰਾਕ ਯੁੱਧ ਅਮਰੀਕੀਆਂ ਨੂੰ “ਕੇਕ ਵਾਕ” ਵਜੋਂ ਵੇਚਿਆ ਗਿਆ ਸੀ। ਇਹ ਵੀ ਸੱਚ ਹੈ ਕਿ ਸੱਦਾਮ ਦੀ ਗ੍ਰਿਫਤਾਰੀ ਦੇ ਸਮੇਂ ਤੱਕ ਸੈਂਕੜੇ ਅਮਰੀਕੀ ਸੈਨਿਕ ਇਰਾਕ ਵਿੱਚ ਮਾਰੇ ਜਾ ਚੁੱਕੇ ਸਨ।

ਸਭ ਤੋਂ ਪਹਿਲਾਂ ਸੱਦਾਮ ਤੋਂ ਸੀਆਈਏ ਨੇ ਪੁੱਛਗਿੱਛ ਕੀਤੀ ਤੇ ਫਿਰ ਜਾਰਜ ਪੀਰੋ ਦੀ ਵਾਰੀ ਆਈ।

ਸੱਤ ਮਹੀਨਿਆਂ ਦੇ ਅਰਸੇ ਦੌਰਾਨ, ਪੀਰੋ ਉਸ ਨਾਲ ਦਿਨ ਵਿੱਚ ਕਈ ਘੰਟੇ ਗੱਲ ਕਰਦਾ ਸੀ, ਕਿਸੇ ਹੋਰ ਨੂੰ ਪੁੱਛ-ਪੜਤਾਲ ਵਾਲੇ ਕਮਰੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ। ਉਸ ਨੇ ਇਰਾਕੀ ਤਾਨਾਸ਼ਾਹ ਤੋਂ ਪਤਾ ਲਗਾਇਆ ਕਿ ਇਰਾਕ ਵਿੱਚ, ਕੋਈ ਵੀ ਕੈਮੀਕਲ ਹਥਿਆਰ ਮੌਜੂਦ ਨਹੀਂ। ਸੱਦਾਮ ਤੇ ਸਗੋਂ ਅੱਲ ਕਾਇਦਾ ਦੇ ਨੇਤਾ ਓਸਾਮਾ ਬਿਨ ਲਾਦੇਨ ਨਾਲ ਨਫ਼ਰਤ ਕਰਦਾ ਸੀ।

ਪੀਰੋ ਨਾਲ ਤਾਨਾਸ਼ਾਹ ਦੇ ਵਿਚਾਰ-ਵਟਾਂਦਰੇ ਨੇ ਪੁਸ਼ਟੀ ਕੀਤੀ ਕਿ 21ਵੀਂ ਸਦੀ ਦੀ ਸ਼ੁਰੂਆਤ ਦੌਰਾਨ ਇਰਾਕ ਯੁੱਧ ਅਮਰੀਕਾ ਦੀ ਘੋਰ ਗ਼ਲਤੀ ਤੇ ਨਿਰਾਸ਼ਾ ਸੀ ਤੇ ਲੜਾਈ ਗ਼ਲਤ ਧਾਰਨਾਵਾਂ ਦੇ ਤਹਿਤ ਲੜੀ ਗਈ, ਇੱਕ ਸੰਘਰਸ਼ ਜਿਸ ਵਿੱਚ ਹਜ਼ਾਰਾਂ ਅਮਰੀਕੀ ਸੈਨਿਕ ਅਤੇ ਲੱਖਾਂ ਇਰਾਕੀ ਮਾਰੇ ਗਏ।

ਇਰਾਕ-ਯੁੱਧ ਨੇ ਦੁਨੀਆ ਵਿੱਚ ਅਮਰੀਕਾ ਦੀ ਸਥਿਤੀ ਅਤੇ ਇਸ ਦੇ ਨਾਗਰਿਕਾਂ ਵਿੱਚ ਅਮਰੀਕੀ ਸਰਕਾਰ ਦੀ ਭਰੋਸੇਯੋਗਤਾ ਨੂੰ ਵੀ ਨੁਕਸਾਨ ਪਹੁੰਚਾਇਆ। ਇੱਥੋਂ ਤੱਕ ਕਿ ਇਰਾਕ ਦੇ ਅਧਿਕਾਰਤ ਅਮਰੀਕੀ ਫ਼ੌਜ ਦੇ ਇਤਿਹਾਸ ਨੇ ਇਹ ਸਿੱਟਾ ਕੱਢਿਆ ਹੈ ਕਿ ਇਰਾਕ ਵਿੱਚ ਯੁੱਧ ਦਾ ਅਸਲ ਜੇਤੂ ਅਮਰੀਕਾ ਨਹੀਂ ਸੀ। ਇਹ … ਈਰਾਨ ਸੀ।

 ਐਫਬੀਆਈ ਤੋਂ ਸੇਵਾਮੁਕਤ ਹੋਏ ਜਾਰਜ ਪੀਰੋ, ਇਰਾਕੀ ਤਾਨਾਸ਼ਾਹ ਤੋਂ ਪੁੱਛਗਿੱਛ ਬਾਰੇ ਇੱਕ ਕਿਤਾਬ ਲਿਖੀ।

ਸੱਦਾਮ ਤੋਂ ਪੁੱਛ-ਪੜਤਾਲ ਕਰਨ ਤੋਂ ਬਾਅਦ, ਪੀਰੋ ਐਫਬੀਆਈ ਵਿੱਚ ਉੱਚ ਪੱਧਰੀ ਅਹੁਦਿਆਂ ‘ਤੇ ਪਹੁੰਚ ਗਿਆ, ਅੰਤ ਵਿੱਚ ਮਿਆਮੀ ਫ਼ੀਲਡ ਦਫ਼ਤਰ ਦੇ ਇੰਚਾਰਜ ਵਜੋਂ ਸੇਵਾਮੁਕਤ ਹੋਇਆ।  (Simon & Schuster.)ਸਾਈਮਨ ਐਂਡ ਸ਼ੂਸਟਰ ਲਈ ਇਰਾਕੀ ਤਾਨਾਸ਼ਾਹ ਦੀ ਲੰਮੀ ਪੁੱਛਗਿੱਛ ਬਾਰੇ ਇੱਕ ਕਿਤਾਬ ਵੀ ਲਿਖੀ।

ਕੁੱਝ ਲੋਕ ਸਮਝ ਦੇ ਹਨ ਕਿ ਐਫਬੀਆਈ ਦੇ ਇਤਿਹਾਸ ਵਿੱਚ ਜਾਰਜ ਪੀਰੋ ਦੀ ਸੱਦਾਮ ਤੋਂ ਕੀਤੀ ਪੁੱਛਗਿੱਛ ਸਭ ਤੋਂ ਵਧ ਸਫਲ ਰਹੀ। ਅਮਰੀਕੀ ਹਮਲੇ ਤੋਂ ਬਾਦ ਜੋ ਝਟਕੇ ਅਮਰੀਕਾ ਨੂੰ ਲੱਗੇ, ਲੋਕ ਅਜੇ ਵੀ ਮਹਿਸੂਸ ਕਰਦੇ ਹਨ।

ਪੀਟਰ ਬਰਗਨ ਅਨੁਸਾਰ, ਪੀਰੋ ਦੀ ਗੱਲਬਾਤ ਨੂੰ ਹਲਕਾ ਜਿਹਾ ਸੰਪਾਦਿਤ ਵੀ ਕੀਤਾ ਗਿਆ ਤਾਂ ਕਿ ਆਫੀਸ਼ਲ ਰਿਪੋਰਟ ਵਿੱਚ ਸਪਸ਼ਟਤਾ ਆ ਸਕੇ।

ਪੀਟਰ ਬਰਗਨ  ਨੇ ਜਾਰਜ ਪੀਰੋ ਨੂੰ ਸੁਆਲ ਕੀਤਾ ਕਿ ਮੈਨੂੰ ਦੱਸੋ ਕਿ ਇਹ ਸਭ ਕਿਵੇਂ ਸ਼ੁਰੂ ਹੋਇਆ।

ਜਾਰਜ ਪੀਰੋ ਨੇ ਜੁਆਬ ਦਿੱਤਾ, “ਮੈਨੂੰ ਕ੍ਰਿਸਮਸ ਈਵ ਦੀ ਸ਼ਾਮ ਨੂੰ, ਲਗਭਗ 5 ਵਜੇ, ਅੱਤਵਾਦ ਵਿਰੋਧੀ ਡਿਵੀਜ਼ਨ ਦੇ ਇੱਕ ਸੀਨੀਅਰ ਕਾਰਜਕਾਰੀ ਤੋਂ ਇੱਕ ਕਾਲ ਆਈ। ਉਸ ਨੇ ਮੈਨੂੰ ਸੂਚਿਤ ਕੀਤਾ ਕਿ ਮੈਨੂੰ ਹੁਣੇ ਹੀ FBI ਦੀ ਤਰਫੋਂ ਸੱਦਾਮ ਹੁਸੈਨ ਤੋਂ ਪੁੱਛਗਿੱਛ ਕਰਨ ਲਈ ਚੁਣਿਆ ਗਿਆ ਹੈ।”

ਬਰਗਨ: ਤੁਹਾਡੀ ਪ੍ਰਤੀਕਿਰਿਆ ਕੀ ਸੀ?

ਪੀਰੋ: “ਸ਼ੁਰੂ ਵਿੱਚ ਮੈ ਘਬਰਾਹਟ ਮਹਿਸੂਸ ਕੀਤੀ ਪਰ ਮੈ ਸੋਚ ਲਿਆ ਸੀ ਕਿ ਮੈ ਇਮਾਨਦਾਰ ਰਹਾਂਗਾ।”

ਜਾਰਜ ਪੀਰੋ ਦੱਸਦਾ ਹੈ ਕਿ ਇਹ ਜਾਣ ਕੇ ਹੀ ਡਰਾਉਣਾ ਸੀ ਕਿ ਹੁਣ ਮੈਂ ਕਿਸੇ ਅਜਿਹੇ ਵਿਅਕਤੀ ਤੋਂ ਪੁੱਛਗਿੱਛ ਕਰਨ ਜਾ ਰਿਹਾ ਸੀ ਜੋ ਇੰਨੇ ਸਾਲਾਂ ਤੋਂ ਵਿਸ਼ਵ ਪੱਧਰ ‘ਤੇ ਵਿਚਰ ਰਿਹਾ ਸੀ। ਇਹ ਐਫਬੀਆਈ ਦੀ ਤਰਫੋਂ ਅਜਿਹੀ ਮਹੱਤਵਪੂਰਨ ਜ਼ਿੰਮੇਵਾਰੀ ਜਾਪਦੀ ਸੀ। ਮੈਂ(Barnes & Noble) ਬਾਰਨਸ ਐਂਡ ਨੋਬਲ ਗਿਆ ਅਤੇ ਸੱਦਾਮ ਹੁਸੈਨ ‘ਤੇ ਲਿਖੀਆਂ ਦੋ ਕਿਤਾਬਾਂ ਖ਼ਰੀਦੀਆਂ ਤਾਂ ਜੋ ਮੈਂ ਆਪਣੀ ਸਮਝ ਨੂੰ ਸਾਵਾਂ ਕਰ ਸਕਾਂ। ਉਹ ਸਾਰੀਆਂ ਗੱਲਾਂ ਦਾ ਸੰਦਰਭ ਕੀ ਹੋਣ ਵਾਲਾ ਸੀ ਜੋ ਪੁੱਛ-ਗਿੱਛ ਦੀ ਰਣਨੀਤੀ ਵਿਕਸਿਤ ਕਰਨ ਲਈ ਮਹੱਤਵਪੂਰਨ ਹੋਣ ਵਾਲੀਆਂ ਸਨ।

ਮੈਂ ਪਹਿਲਾਂ ਵੀ ਇੱਕ ਵਾਰ ਇਰਾਕ ਗਿਆ ਸੀ। ਇਰਾਕੀ ਸਭਿਆਚਾਰ ਨਾਲ, ਸੱਦਾਮ ਦੀ ਬਾਥ ਪਾਰਟੀ ਦੀ ਕਾਰਜ-ਸ਼ੀਲਤਾ ਨਾਲ ਕਿਹੋ ਜਿਹੇ ਮਾਹੌਲ ਉੱਸਰੇ ਸਨ, ਇਸ ਬਾਰੇ ਉਦੋਂ ਤੋਂ ਹੀ ਆਪਣੀ ਸਮਝ ਨੂੰ ਵਿਕਸਿਤ ਕਰਨਾ ਸ਼ੁਰੂ ਕਰ ਦਿੱਤਾ ਸੀ।

ਸੱਦਾਮ ਦਾ ਜਨਮ 28 ਅਪ੍ਰੈਲ, 1937 ਨੂੰ ਅਲ-ਅਜਵਾ (ਟਿਕਰਿਤ ਦੇ ਨੇੜੇ) ਨਾਮਕ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ ਸੀ। ਉਸ ਦਾ ਬਚਪਨ ਬਹੁਤ ਔਖਾ ਸੀ ਕਿਉਂਕਿ ਉਸ ਦਾ ਪਿਤਾ ਨਹੀਂ ਸੀ, ਅਤੇ ਉਸ ਦੀ ਮਾਂ ਨੇ ਉਸ ਦੇ ਚਾਚੇ ਨਾਲ ਵਿਆਹ ਕਰਵਾ ਲਿਆ, ਜੋ ਉਸ ਦਾ ਮਤਰੇਆ ਪਿਤਾ ਬਣ ਗਿਆ। ਸੱਦਾਮ ਅਤੇ ਉਸ ਦਾ ਪਰਵਾਰ ਬਹੁਤ ਗ਼ਰੀਬ ਸੀ, ਅਤੇ ਸ਼ੁਰੂ ਵਿੱਚ, ਉਹ ਸਕੂਲ ਜਾਣ ਤੋਂ ਵੀ ਅਸਮਰਥ ਸੀ, ਪਰ ਉਨ੍ਹਾਂ ਬਚਪਣੀ ਮੁਸ਼ਕਲਾਂ ਨਾਲ ਹੀ ਸੱਦਾਮ ਵੱਡਾ ਹੋਇਆ।

ਉਸ ਦੇ ਬਚਪਨ ਨੇ ਉਸ ਵਿੱਚ ਇੱਕ ਡੂੰਘੀ ਇੱਛਾ ਪੈਦਾ ਕੀਤੀ ਕਿ ਆਪਣੇ ਬਾਰੇ ਹਰ ਕਿਸੇ ਨੂੰ ਗ਼ਲਤ ਸਾਬਤ ਕਰੇ ਅਤੇ ਕਿਸੇ ‘ਤੇ ਭਰੋਸਾ ਨਾ ਕਰੇ।

ਮਾਹੌਲ ਦੀ ਤਲਖ਼ੀ ਨੇ ਇਹ ਸਿਖਾ ਦਿੱਤਾ ਕਿ ਜੋ ਉਹ ਸੋਚਦਾ ਹੈ ਉਹ ਹੀ ਅੰਤਿਮ ਸੱਚ ਹੈ। ਹੋਰ ਕਿਸੇ ਤੇ ਭਰੋਸਾ ਕਰਨ ਦਾ ਤੇ ਸੁਆਲ ਹੀ ਪੈਦਾ ਨਹੀਂ ਹੁੰਦਾ।

ਇੱਕ ਨੌਜਵਾਨ ਹੋਣ ਦੇ ਨਾਤੇ, ਉਹ ਬਾਥ ਪਾਰਟੀ ਵਿੱਚ ਸ਼ਾਮਲ ਹੋ ਗਿਆ, ਅਤੇ ਉਸ ਦੇ ਸ਼ੁਰੂਆਤੀ ਕਾਰਜਾਂ ਵਿੱਚੋਂ ਇੱਕ ਉਸ ਸਮੇਂ ਦੇ ਪ੍ਰਧਾਨ ਮੰਤਰੀ ਦੀ ਹੱਤਿਆ ਕਰਨਾ ਸੀ। ਹੱਤਿਆ ਦੀ ਕੋਸ਼ਿਸ਼ ਅਸਫਲ ਹੋ ਗਈ, ਅਤੇ ਸੱਦਾਮ ਨੂੰ ਇਰਾਕ ਤੋਂ ਭੱਜਣ ਲਈ ਮਜਬੂਰ ਹੋਣਾ ਪਿਆ। ਜਲਾਵਤਨੀ ਤੋਂ ਬਾਦ, ਵਾਪਸੀ ‘ਤੇ, ਉਸ ਨੂੰ ਇੱਕ ਸਖ਼ਤ ਵਿਅਕਤੀ ਵਜੋਂ ਦੇਖਿਆ ਗਿਆ। ਆਪਣੇ ਇਸ ਸਖ਼ਤ ਪ੍ਰਤੀਬਿੰਬ ਨੂੰ ਉਸ ਨੇ ਸਾਰੀ ਉਮਰ ਬਰਕਰਾਰ ਰੱਖਿਆ।

ਜਾਰਜ ਪੀਰੋ ਅੱਗੇ ਦੱਸਦਾ ਹੈ ਕਿ ਸੱਦਾਮ ਨਾਲ ਮੇਰੀ ਪਹਿਲੀ ਮੁਲਾਕਾਤ ਸਿਰਫ਼ 30 ਸਕਿੰਟਾਂ ਦੀ ਸੀ ਤੇ ਉਹ ਮੇਰੇ ਬਾਰੇ ਦੋ ਗੱਲਾਂ ਬਾਰੇ ਜਾਣੂ ਹੋ ਗਿਆ।

ਮੈਂ ਉਸ ਨੂੰ ਦੱਸਿਆ ਕਿ ਮੇਰਾ ਨਾਮ ਜਾਰਜ ਪੀਰੋ ਹੈ ਅਤੇ ਮੈਂ ਇੰਚਾਰਜ ਹਾਂ, ਅਤੇ ਉਸ ਨੇ ਤੁਰੰਤ ਕਿਹਾ, “ਤੁਸੀਂ ਲੇਬਨਾਨੀ ਹੋ।” ਮੈਂ ਉਸ ਨੂੰ ਦੱਸਿਆ ਕਿ ਮੇਰੇ ਮਾਤਾ-ਪਿਤਾ ਲੇਬਨਾਨੀ ਸਨ, ਅਤੇ ਫਿਰ ਉਸ ਨੇ ਕਿਹਾ, “ਤੁਸੀਂ ਈਸਾਈ ਹੋ।” ਮੈਂ ਉਸ ਨੂੰ ਪੁੱਛਿਆ ਕਿ ਕੀ ਇਹ ਕੋਈ ਸਮੱਸਿਆ ਹੈ,ਪਰ ਉਸ ਨੇ ਕਿਹਾ ਬਿਲਕੁਲ ਨਹੀਂ। ਉਹ ਲੇਬਨਾਨੀ ਲੋਕਾਂ ਨੂੰ ਪਿਆਰ ਕਰਦਾ ਸੀ। ਲੇਬਨਾਨੀ ਲੋਕ ਉਸ ਨੂੰ ਪਿਆਰ ਕਰਦੇ ਸਨ। ਤੁਸੀਂ ਵੀ ਲੇਬਨਾਨੀ ਹੋ, ਵਧੀਆ ਰਹੇਗਾ। ਅਸੀਂ ਵਧੀਆ ਤਰੀਕੇ ਨਾਲ ਸਮਾਂ ਬਿਤਾਵਾਂਗੇ।

ਸੱਦਾਮ ਇੱਕ ਸੁੰਨੀ ਮੁਸਲਮਾਨ ਸੀ, ਜਦੋਂ ਕਿ ਜ਼ਿਆਦਾਤਰ ਇਰਾਕੀ ਸ਼ੀਆ ਮੁਸਲਮਾਨ ਹਨ।

ਸੀ ਐਨ ਐਨ ਦੇ ਬਰਗਨ ਨੇ ਜਾਰਜ ਪੀਰੋ ਨੂੰ ਪੁੱਛਿਆ, “ਤੁਸੀਂ ਸੱਦਾਮ ਦੇ ਨਾਲ ਕਿੰਨਾ ਸਮਾਂ ਗੁਜ਼ਾਰਿਆ? ਕੀ ਤੁਸੀਂ ਉਸ ਨਾਲ ਅਰਬੀ ਵਿੱਚ ਹੀ ਗੱਲਬਾਤ ਕੀਤੀ?”

ਜਾਰਜ ਪੀਰੋ ਨੇ ਦੱਸਿਆ ਕਿ ਉਹ ਤਕਰੀਬਨ ਸੱਤ ਮਹੀਨੇ ਸੱਦਾਮ ਨਾਲ ਰਿਹਾ  ਤੇ ਅਰਬੀ ਵਿੱਚ ਹੀ ਗੱਲ ਕੀਤੀ। ਸ਼ੁਰੂ ਵਿੱਚ ਮੈ ਉਸ ਨਾਲ ਸਵੇਰ ਦੇ ਸਮੇਂ ਹੀ ਗੱਲ ਕਰਦਾ ਸੀ। ਮੈ ਉਸ ਦੇ ਮੈਡੀਕਲ ਸਟਾਫ਼ ਦੀਆਂ ਰਿਪੋਰਟਾਂ ਦਾ ਅਨੁਵਾਦ ਕੀਤਾ। ਹਫ਼ਤੇ ਵਿੱਚ ਇੱਕ ਜਾਂ ਦੋ ਵਾਰ, ਘੰਟਿਆਂ ਬੱਧੀ ਪੁੱਛਗਿੱਛ ਹੁੰਦੀ। ਸਮਾਂ ਬੀਤਣ ਨਾਲ ਮੈ ਉਸ ਨਾਲ ਇਕੱਲੇ, ਵਧੇਰੇ ਸਮਾਂ ਬਿਤਾਉਣ ਲੱਗਾ।

ਮੈਂ ਉਸ ਨਾਲ ਸਿੱਧਾ ਅਤੇ ਬਹੁਤ ਸੌਖੇ ਤਰੀਕੇ ਨਾਲ ਗੱਲਬਾਤ ਕਰ ਸਕਦਾ ਸੀ। ਹਰ ਇੱਕ ਦਿਨ ਲਗਭਗ ਪੰਜ ਤੋਂ ਸੱਤ ਘੰਟਿਆਂ ਤੱਕ ਇਹ ਸਿਲਸਿਲਾ ਚਲਦਾ।

(ਕੋਈ ਮੇਰੇ ਵੱਲੋਂ ਕੁਤਾਹੀ ਨਾਂ ਹੋ ਜਾਵੇ ਇਸ ਲਈ ਮੈ ਉੱਤਮ ਪੁਰਖ ਵਿੱਚ ਹੀ ਜਾਰਜ ਪੀਰੋ ਦੀ ਗੱਲ ਕਰਾਂਗਾ,ਜਿਵੇਂ ਦੀ ਰਿਪੋਰਟ ਵਿੱਚ ਦਰਜ ਹੈ—ਕੁਲਜੀਤ ਮਾਨ )

ਅਸੀਂ ਤਕਰੀਬਨ ਹਰ ਵਿਸ਼ੇ ਬਾਰੇ ਗੱਲ ਕੀਤੀ। ਇਸ ਲਈ ਖ਼ਾਸ ਤੌਰ ‘ਤੇ ਪਹਿਲੇ ਦੋ ਮਹੀਨਿਆਂ ਵਿੱਚ, ਮੇਰਾ ਟੀਚਾ ਸਿਰਫ਼ ਉਸ ਨੂੰ ਗੱਲ ਕਰਨ ਲਈ ਪ੍ਰੇਰਿਤ ਕਰਨਾ ਸੀ। ਮੈਂ ਜਾਣਨਾ ਚਾਹੁੰਦਾ ਸੀ ਕਿ ਜ਼ਿੰਦਗੀ ਬਾਰੇ ਉਸ ਦੀ ਪਹੁੰਚ ਕੀ ਹੈ, ਮਨੁੱਖੀ ਕਦਰਾਂ ਕੀਮਤਾਂ ਬਾਰੇ ਉਹ ਕਿਵੇਂ ਸੋਚਦਾ ਹੈ? ਉਸ ਦੀ ਪਸੰਦ, ਨਾਪਸੰਦ ਅਤੇ ਵਿਚਾਰ ਪ੍ਰਕਿਰਿਆਵਾਂ ਕੀ ਸਨ। ਇਸ ਲਈ ਅਸੀਂ ਇਤਿਹਾਸ, ਕਲਾ, ਖੇਡਾਂ ਤੋਂ ਲੈ ਕੇ ਰਾਜਨੀਤੀ ਤੱਕ ਹਰ ਚੀਜ਼ ਬਾਰੇ ਗੱਲ ਕੀਤੀ। ਉਹ ਕਿਸੇ ਵੀ ਵਿਸ਼ੇ ਤੇ ਗੱਲ ਕਰਨ ਲਈ ਝਿਜਕਦਾ ਨਹੀਂ ਸੀ।

ਮੈ ਉਸ ਦੇ ਪ੍ਰਕਾਸ਼ਿਤ ਨਾਵਲ ਬਾਰੇ ਗੱਲ ਕੀਤੀ ਕਿਉਂਕਿ ਮੈਨੂੰ ਪਤਾ ਸੀ ਕਿ ਉਹ ਇਸ ਬਾਰੇ ਝੂਠ ਨਹੀਂ ਬੋਲੇਗਾ। ਮੈਂ ਕਿਤਾਬ ਦੀ ਖੋਜ ਅਤੇ ਅਧਿਐਨ ਕੀਤਾ ਸੀ।

ਬਰਗਨ: ਕੀ ਇਹ ਇੱਕ ਚੰਗਾ ਨਾਵਲ ਸੀ?

ਪੀਰੋ: ਨਹੀਂ, ਇਹ ਇੱਕ ਭਿਆਨਕ ਨਾਵਲ ਸੀ, (“Zabiba and the King.”)

ਬਰਗਨ: ਨਾਵਲ ਦਾ ਪਲਾਟ ਕੀ ਹੈ?

ਪੀਰੋ: ਜ਼ਬੀਬਾ ਇੱਕ ਸੁੰਦਰ ਅਰਬ ਔਰਤ ਸੀ, ਅਤੇ ਉਸ ਦਾ ਵਿਆਹ ਇੱਕ ਵਿਗੜੈਲ ਬੁੱਢੇ ਆਦਮੀ ਨਾਲ ਹੋ ਗਿਆ। ਬੇਸ਼ੱਕ ਜ਼ਬੀਬਾ ਦੇ ਰੂਪ ਵਿੱਚ ਉਹ ਇਰਾਕ ਦੀ ਗੱਲ ਕਰਦਾ ਹੈ ਤੇ ਬਜ਼ੁਰਗ ਆਦਮੀ ਅਮਰੀਕਾ ਦੀ ਨੁਮਾਇੰਦਗੀ ਕਰਦਾ ਸੀ। ਬਾਦਸ਼ਾਹ ਨੇ ਸੁੰਦਰ ਅਤੇ ਹੁਸ਼ਿਆਰ, ਜ਼ਬੀਬਾ ਨੂੰ ਉਸ ਦੇ ਦੁੱਖਾਂ ਤੋਂ ਬਚਾਇਆ, ਅਤੇ ਉਹ ਹਮੇਸ਼ਾ ਖ਼ੁਸ਼ਹਾਲ ਰਹਿਣ ਲੱਗੇ। ਬੇਸ਼ੱਕ, ਤੁਸੀਂ ਕਲਪਨਾ ਕਰ ਸਕਦੇ ਹੋ ਕਿ ਰਾਜਾ ਕੌਣ ਸੀ। …

ਇੱਕ ਮੁੱਖ ਚੀਜ਼ ਜੋ ਪੁੱਛ-ਗਿੱਛ ਦੇ ਨਤੀਜੇ ਨੂੰ ਵਧੇਰੇ ਸਾਰਥਿਕ ਬਣਾ ਸਕਦੀ ਹੈ ਉਹ ਹੈ ਵਿਸ਼ੇ ਦੀ ਮੁਹਾਰਤ।

ਵਿਸ਼ਾ ਵਸਤੂ ਦੇ ਮਾਹਿਰ ਨਾਲ ਝੂਠ ਬੋਲਣਾ ਬਹੁਤ ਮੁਸ਼ਕਲ ਹੈ। ਹੁਣ, ਜਦੋਂ ਤੁਸੀਂ ਇੱਕ ਚੰਗੀ ਪੁੱਛਗਿੱਛ ਕਰਨੀ ਹੋਵੇ ਤਾਂ ਰਣਨੀਤੀ ਦੀ ਪਹੁੰਚ ਬਹੁਤ ਮਾਇਨੇ ਰੱਖਦੀ ਹੈ। ਚੰਗੀ ਪਹੁੰਚ ਨਾਲ ਹੀ ਸਫਲਤਾ ਦੀ ਸੰਭਾਵਨਾ ਨੂੰ ਵਧਾਇਆ ਜਾ ਸਕਦਾ ਹੈ। ਇੱਕ FBI ਏਜੰਟ ਦੇ ਤੌਰ ‘ਤੇ ਅਤੇ ਖ਼ਾਸ ਤੌਰ ‘ਤੇ ਇੱਕ ਪੁੱਛਗਿੱਛ ਕਰਨ ਵਾਲੇ ਦੇ ਰੂਪ ਵਿੱਚ, ਮੈਂ ਜਾਣਦਾ ਸੀ ਕਿ ਮੈਂ ਸੱਦਾਮ ਬਾਰੇ ਸਭ ਕੁੱਝ ਜਾਣਨਾ ਚਾਹੁੰਦਾ ਸੀ।

ਕਿਸੇ ਕਿਸਮ ਦੇ ਧੋਖੇ ਨਾਲ ਜਾਂ ਧੋਖੇ ਦੇ ਸੰਕੇਤ ਨਾਲ ਵੀ ਚੰਗੇ ਨਤੀਜੇ ਨਿਕਲਣ ਦੀ ਸੰਭਾਵਨਾ ਹੀ ਨਹੀਂ ਸੀ।

ਮੈਂ ਸੱਦਾਮ ਨੂੰ ਸਮਝਣਾ ਅਤੇ ਜਾਣਨਾ ਚਾਹੁੰਦਾ ਸੀ ਜਿਵੇਂ ਉਹ ਆਪਣੇ ਆਪ ਨੂੰ ਜਾਣਦਾ ਸੀ।

ਤੁਹਾਨੂੰ ਇੱਕ ਉਦਾਹਰਨ ਦਿੰਦਾ ਹਾਂ।

1990 ਵਿੱਚ ਸੱਦਾਮ ਨੇ ਕੁਵੈਤ ਉੱਤੇ ਹਮਲਾ ਕਰਨ ਦਾ ਫ਼ੈਸਲਾ ਕੀਤਾ। ਮੈਂ ਜਾਣਦਾ ਸੀ ਕਿ ਕਾਨਫ਼ਰੰਸ ਰੂਮ ਵਿੱਚ ਹਰ ਕੋਈ ਕਿੱਥੇ ਬੈਠਾ ਸੀ।

ਇਸ ਲਈ, ਜਦੋਂ ਮੈਂ ਉਸ ਨਾਲ ਗੱਲ ਕਰ ਰਿਹਾ ਸੀ, ਮੈਂ ਉਨ੍ਹਾਂ ਛੋਟੇ ਵੇਰਵਿਆਂ ਨੂੰ ਵੀ ਨਾਪ-ਤੋਲ ਰਿਹਾ ਸੀ। ਸੱਦਾਮ ਨੂੰ ਤੱਥਾਂ ਬਾਰੇ ਗ਼ਲਤ ਜਾਣਕਾਰੀ ਦੇਣਾ ਜਾਂ ਝੂਠ ਬੋਲਣਾ ਬਹੁਤ ਮੁਸ਼ਕਲ ਸੀ ਤੇ ਇਸ ਪ੍ਰਭਾਵ ਨਾਲ ਹੀ ਉਹ ਵੀ ਗ਼ਲਤ ਜਾਣਕਾਰੀ ਜਾਂ ਝੂਠ ਬੋਲਣ ਤੋਂ ਗੁਰੇਜ਼ ਕਰ ਰਿਹਾ ਸੀ। ਅਸਲ ਵਿੱਚ ਉਸ ਨੇ ਕੁੱਝ ਵੀ ਝੂਠ ਬੋਲਿਆ ਹੀ ਨਹੀਂ ਸੀ।

ਇੱਕ ਨਜ਼ਰਬੰਦ ਵਿਅਕਤੀ ‘ਤੇ ਬਹੁਤ ਜ਼ਿਆਦਾ ਤਣਾਅ ਹੁੰਦਾ ਹੈ ਜਦੋਂ ਉਹ ਕਿਸੇ ਵਿਸ਼ੇ ਦੇ ਮਾਹਿਰ ਦਾ ਸਾਹਮਣਾ ਕਰ ਰਹੇ ਹੁੰਦਾ ਹੈ। ਕਿਸੇ ਵੀ ਕਿਸਮ ਦੇ ਝੂਠ ਨੂੰ ਵਿਕਸਿਤ ਕਰਨ ਲਈ ਇੰਨਾ ਸਖ਼ਤ ਸੋਚਣਾ ਚਾਹੀਦਾ ਹੈ ਕਿ ਝੂਠ ਤੁਹਾਡੀਆਂ ਉਮੀਦਾਂ ਤੇ ਪਾਣੀ ਹੀ ਨਾ ਫੇਰ ਦੇਵੇ। ਸਫਲ ਹੋਣ ਦੀ ਸੰਭਾਵਨਾ ਨੂੰ ਬਣਾਏ ਰੱਖਣਾ ਬਹੁਤ ਜ਼ਰੂਰੀ ਹੈ।

ਬਰਗਨ ਦਾ ਸੁਆਲ- ਉਸ ਸਮੇਂ, ਸੀਆਈਏ ਆਪਣਾ “ਜ਼ਬਰਦਸਤੀ ਪੁੱਛਗਿੱਛ ਪ੍ਰੋਗਰਾਮ” ਚਲਾ ਰਹੀ ਸੀ। ਕੀ ਤੁਸੀਂ ਇਸ ਸਮਾਨੰਤਰ ਪੁੱਛਗਿੱਛ ਪ੍ਰੋਗਰਾਮ ਤੋਂ ਜਾਣੂ ਸੀ, ਜਾਂ ਤੁਹਾਨੂੰ ਇਸ ਬਾਰੇ ਬਾਅਦ ਵਿੱਚ ਪਤਾ ਲੱਗਾ? ਤੁਸੀਂ ਇਸ ਬਾਰੇ ਕੀ ਸੋਚਿਆ ਸੀ?

ਪੀਰੋ: ਮੈਨੂੰ ਇਸ ਬਾਰੇ ਬਾਅਦ ਵਿੱਚ ਪਤਾ ਲੱਗਾ। ਮੈ ਕਦੇ ਵੀ ਪੁੱਛਗਿੱਛ ਤਕਨੀਕਾਂ” ਦੀ ਵਰਤੋਂ ਨਹੀਂ ਕੀਤੀ। ਇਹ ਤਕਨੀਕਾਂ, ਯੂ ਐੱਸ ਦੇ ਸੰਵਿਧਾਨ ਦੇ ਵਿਰੁੱਧ ਹਨ, ਐਫਬੀਆਈ ਨੀਤੀ ਦੇ ਵਿਰੁੱਧ ਹਨ, ਅਤੇ ਇਹ ਅਸਲ ਵਿੱਚ ਐਫਬੀਆਈ ਦੇ ਮੂਲ ਮੁੱਲਾਂ ਦੇ ਵਿਰੁੱਧ ਹੈ।

ਮੈ ਇਨ੍ਹਾਂ ਤਕਨੀਕਾਂ ਨੂੰ ਕਦੇ ਨਹੀਂ ਵਰਤਿਆ,ਮੇਰੇ ਲਈ ਇਹ ਕੋਈ ਵਿਕਲਪ ਹੀ ਨਹੀਂ ਹੈ। ਮੈਂ ਉਨ੍ਹਾਂ ਨੂੰ ਕਦੇ ਨਹੀਂ ਵਰਤਿਆ, ਨਹੀਂ ਜਾਣਦਾ ਕਿ ਉਨ੍ਹਾਂ ਨੂੰ ਕਿਵੇਂ ਵਰਤਣਾ ਹੈ, ਅਤੇ ਨਾ ਹੀ ਮੈਂ ਕਦੇ ਤਕਨੀਕਾਂ ਦਾ ਅਨੁਸਾਰੀ ਰਿਹਾ ਹਾਂ। ਇਹ ਮੇਰੇ ਦੇਸ਼ ਦੀ ਨੈਤਿਕ ਭਾਵਨਾ ਦੇ ਹੀ ਵਿਰੁੱਧ ਹੈ।

ਮੈਨੂੰ ਐਫਬੀਆਈ ਦੇ ਅਸਿਸਟੈਂਟ ਡਾਇਰੈਕਟਰ, ਕਾਊਂਟਰ ਟੈਰੋਰਿਜ਼ਮ ਡਿਵੀਜ਼ਨ ਨੇ ਕਿਹਾ, “ਸੱਦਾਮ ਹੁਸੈਨ ਨਾਲ ਇੱਕ ਸਾਲ ਬਿਤਾਉਣ ਲਈ ਤਿਆਰ ਰਹੋ।” ਇਸ ਲਈ, ਮੈਨੂੰ ਪ੍ਰਕਿਰਿਆ ਵਿੱਚ ਜਲਦਬਾਜ਼ੀ ਕਰਨ ਦੀ ਲੋੜ ਨਹੀਂ ਸੀ। ਸੱਦਾਮ ਤੋਂ ਜੋ ਜਾਣਕਾਰੀ ਅਸੀਂ ਚਾਹੁੰਦੇ ਸੀ ਉਹ ਸਾਨੂੰ ਮਿਲ ਗਈ।

ਜੋ ਅਸੀਂ ਜਾਣਨਾ ਚਾਹੁੰਦੇ ਸੀ ਉਹ ਸੱਦਾਮ ਦੇ ਸਿਰ ਵਿੱਚ ਦੱਬਿਆ ਹੋਇਆ ਸੀ,ਇਸ ਲਈ, ਇੱਕ ਪ੍ਰਭਾਵਸ਼ਾਲੀ ਲੰਬੀ-ਮਿਆਦ ਦੀ ਪੁੱਛਗਿੱਛ ਨਾਲ ਰਣਨੀਤੀ ਵਿਕਸਿਤ ਕਰਨਾ ਹੀ ਅਸਲ ਮੁੱਦਾ ਸੀ।

ਬਰਗਨ: 9/11 ਤੋਂ ਬਾਅਦ, ਬਹੁਤ ਸਾਰੇ ਅਮਰੀਕੀਆਂ ਦਾ ਮੰਨਣਾ ਸੀ ਕਿ ਸੱਦਾਮ ਨਿੱਜੀ ਤੌਰ ‘ਤੇ 9/11 ਵਿੱਚ ਸ਼ਾਮਲ ਸੀ। ਕੀ ਉਸ ਨੇ ਇਸ ਬਾਰੇ ਗੱਲ ਕੀਤੀ?

ਪੀਰੋ: ਤੁਹਾਨੂੰ ਯਾਦ ਹੋਵੇਗਾ, ਇਰਾਕ ਤੇ ਹਮਲੇ ਤੋਂ ਪਹਿਲਾਂ, ਰੱਖਿਆ ਵਿਭਾਗ ਦੇ ਅੰਦਰ ਕੁੱਝ ਅਧਿਕਾਰੀ ਸਨ ਜਿੰਨਾ ਨੇ ਦਾਅਵਾ ਕੀਤਾ ਸੀ ਕਿ ਇਰਾਕ 9/11 ਵਿੱਚ ਸੰਚਾਲਿਤ ਤੌਰ ‘ਤੇ ਸ਼ਾਮਲ ਸੀ, ਅਤੇ ਸਾਨੂੰ ਇਹ ਨਿਰਧਾਰਿਤ ਕਰਨਾ ਪਿਆ ਸੀ ਕਿ ਕੀ ਇਹ ਤੱਥ ਹੈ ਜਾਂ ਨਹੀਂ। ਇਹ ਸਾਡੀ ਦੂਜੀ ਸਭ ਤੋਂ ਵੱਡੀ ਤਰਜੀਹ ਸੀ। ਸਾਡਾ ਪਹਿਲਾ ਇਰਾਕ ਦਾ WMD ਪ੍ਰੋਗਰਾਮ ਸੀ। ਦੂਜਾ ਅਲਕਾਇਦਾ ਅਤੇ ਇਰਾਕ ਵਿਚਕਾਰ ਸੰਬੰਧਾਂ ਦੀ ਕੀ ਸਚਾਈ ਸੀ।

ਸੱਦਾਮ ਨੇ ਮੈਨੂੰ ਦੱਸਿਆ ਕਿ ਉਹ ਓਸਾਮਾ ਬਿਨ ਲਾਦੇਨ ਨੂੰ ਪਸੰਦ ਨਹੀਂ ਕਰਦਾ ਅਤੇ ਉਹ ਅੱਲ ਕਾਇਦਾ ਦੀ ਵਿਚਾਰਧਾਰਾ ਵਿੱਚ ਵਿਸ਼ਵਾਸ ਨਹੀਂ ਕਰਦਾ ਕਿਉਂਕਿ ਇਸ ਦਾ ਉਦੇਸ਼ ਪੂਰੇ ਅਰਬ ਸੰਸਾਰ ਵਿੱਚ ਇੱਕ ਇਸਲਾਮੀ ਰਾਜ ਬਣਾਉਣਾ ਸੀ। ਦੂਜੇ ਇਰਾਕੀ ਨਜ਼ਰਬੰਦਾਂ ਨੇ ਪੁਸ਼ਟੀ ਕੀਤੀ ਕਿ ਅੱਲ ਕਾਇਦਾ ਨਾਲ ਕੋਈ ਸੰਚਾਲਨ ਸਬੰਧ ਨਹੀਂ ਸੀ।

ਬਰਗਨ: ਕੀ ਇਹ, ਠੀਕ ਹੈ ਕਿ ਸੱਦਾਮ ਇੱਕ ਸੈਕੂਲਰ ਸੋਚ ਵਾਲਾ ਸੀ?

ਪੀਰੋ: ਸੱਦਾਮ ਇਤਿਹਾਸ ਵਿੱਚ ਸਭ ਤੋਂ ਮਹਾਨ ਅਰਬ ਮੁਸਲਿਮ ਨੇਤਾਵਾਂ ਵਿੱਚੋਂ ਇੱਕ ਮੰਨਿਆ ਜਾਣਾ ਚਾਹੁੰਦਾ ਸੀ। ਉਹ ਸਮਝ ਦਾ ਸੀ ਕਿ ਉਹ ਅਰਬ ਮੁਸਲਿਮ ਇਤਿਹਾਸ ਵਿੱਚ ਤੀਜਾ ਮਹਾਨ ਯੋਧਾ ਸੀ।

ਬਰਗਨ: ਕੀ ਸਲਾਦੀਨ ਨੂੰ ਇਸ ਸ਼ਰੇਣੀ ਵਿੱਚ ਸਮਝ ਦਾ ਸੀ?

ਪੀਰੋ: ਹਾਂ, ਪਹਿਲਾ ਪੈਗ਼ੰਬਰ ਮੁਹੰਮਦ ਸੀ; ਨੰਬਰ 2, ਸਲਾਦੀਨ; ਅਤੇ ਫਿਰ ਉਹ ਨੰਬਰ 3 ਹੈ। ਇਸ ਲਈ, ਸੱਦਾਮ ਨੂੰ ਉਸ ਕਿਸਮ ਦੇ ਮਹਾਨ ਨੇਤਾ ਅਤੇ ਯੋਧੇ ਵਜੋਂ ਮਾਨਤਾ ਪ੍ਰਾਪਤ ਕਰਨ ਲਈ, ਉਸ ਨੂੰ ਧਾਰਮਿਕ ਵਜੋਂ ਦੇਖਿਆ ਜਾਣਾ ਚਾਹੀਦਾ ਸੀ। ਪਰ ਉਹ ਅਸਲ ਵਿੱਚ ਬਹੁਤ ਧਰਮ ਨਿਰਪੱਖ ਸੀ। ਉਸ ਨੇ ਅਰਬ ਰਾਸ਼ਟਰਵਾਦ ਬਨਾਮ ਇਸਲਾਮਵਾਦੀ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਇਆ। ਉਹ ਇਰਾਕ ਦੇ ਅਰਬੀ ਪਹਿਲੂ ਬਨਾਮ ਇਰਾਕ ਦੇ ਇਸਲਾਮੀ ਪਹਿਲੂ ‘ਤੇ ਜ਼ਿਆਦਾ ਧਿਆਨ ਕੇਂਦਰਿਤ ਕਰਦਾ ਸੀ।

ਬਰਗਨ: ਤਾਰਿਕ ਅਜ਼ੀਜ਼, ਉਸ ਦਾ ਵਿਦੇਸ਼ ਮੰਤਰੀ, ਇੱਕ ਈਸਾਈ ਸੀ, ਠੀਕ ਹੈ?

ਪੀਰੋ: ਹਾਂ। ਤਾਰਿਕ ਅਜ਼ੀਜ਼ ਉਸ ਦਾ ਉਪ ਪ੍ਰਧਾਨ ਮੰਤਰੀ ਸੀ, ਉਸ ਦੇ ਵਿਦੇਸ਼ ਮਾਮਲਿਆਂ ਦਾ ਮੰਤਰੀ। ਉਹ ਕੈਲਡੀਅਨ ਸੀ, ਜੋ ਕਿ ਕੈਥੋਲਿਕ ਹੈ, ਅਤੇ ਸੱਦਾਮ ਨੇ ਕਦੇ ਵੀ ਉਸ ਨੂੰ ਧਰਮ ਪਰਿਵਰਤਨ ਜਾਂ ਇਸ ਤਰਾਂ ਦੀ ਕਿਸੇ ਗੱਲ ਲਈ ਮਜਬੂਰ ਨਹੀਂ ਕੀਤਾ। ਉਸ ਦੇ ਮਹਿਲਾਂ ਅਤੇ ਪਰੀਜ਼ੀਡੀਅਨ ਦੇ ਸਥਾਨਾਂ ਵਿੱਚ ਉਸ ਦਾ ਜ਼ਿਆਦਾਤਰ ਸਟਾਫ਼ ਈਸਾਈ ਸੀ।

ਬਰਗਨ: ਵਿਆਪਕ ਤਬਾਹੀ ਵਾਲੇ ਹਥਿਆਰਾਂ ਬਾਰੇ ਸੋਚ ਕਿਵੇਂ ਪ੍ਰਬਲ ਹੋਈ ਅਤੇ ਉਸ ਨੇ ਕੀ ਕਿਹਾ?

ਪੀਰੋ: ਜਦੋਂ ਮੈਨੂੰ ਸੱਦਾਮ ਤੋਂ ਪੁੱਛਗਿੱਛ ਕਰਨ ਲਈ ਚੁਣਿਆ ਗਿਆ, ਮੈਂ ਲੈਂਗਲੇ (ਵਰਜੀਨੀਆ) ਵਿਖੇ ਸੀਆਈਏ ਕੋਲ ਗਿਆ। ਮੈਂ ਏਜੰਸੀ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ, ਖ਼ਾਸ ਤੌਰ ‘ਤੇ ਜਿਹੜੇ ਇਰਾਕ ਅਤੇ ਸੱਦਾਮ ‘ਤੇ ਕੇਂਦਰਿਤ ਸਨ। ਮੈਨੂੰ ਸੱਦਾਮ ਦੀ ਸੀਆਈਏ ਡੀਬ੍ਰੀਫਿੰਗ ਦੀਆਂ ਪਿਛਲੀਆਂ ਰਿਪੋਰਟਾਂ ਦੀ ਸਮੀਖਿਆ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ, ਅਤੇ ਸ਼ੁਰੂਆਤੀ ਦੌਰ ਦੋਰਾਨ,ਸੱਦਾਮ WMD ਅਤੇ ਅੱਲ ਕਾਇਦਾ ਬਾਰੇ ਗੱਲ ਕਰਨ ਤੋਂ ਬਹੁਤ ਝਿਜਕਦਾ ਸੀ। ਮੈ ਵੀ ਇਸ ਗੱਲ ਤੇ ਬਹੁਤਾ ਜ਼ੋਰ ਦੇਣਾ ਮੁਨਾਸਬ ਨਹੀਂ ਸਮਝਿਆ। ਜਦ ਮੈ ਮਹਿਸੂਸ ਕਰ ਲਿਆ ਕਿ ਸੱਦਾਮ ਇਮਾਨਦਾਰ ਹੈ ਤੇ ਵਿਸ਼ੇ ‘ਤੇ ਚਰਚਾ ਕਰਨ ਲਈ ਤਿਆਰ ਹੋ ਸਕਦਾ ਹੈ। ਉਸ ਤੋਂ ਬਾਦ ਹੀ ਮੈ ਇਨ੍ਹਾਂ ਵਿਸ਼ਿਆਂ ਨੂੰ ਅੱਗੇ ਤੋਰਿਆ।

ਉਸ ਦੇ 67ਵੇਂ ਜਨਮਦਿਨ ‘ਤੇ, ਜਦੋਂ ਉਹ ਜੇਲ੍ਹ ਵਿੱਚ ਸੀ ਅਤੇ ਮੈਂ ਉਸ ਤੋਂ ਪੁੱਛਗਿੱਛ ਕਰ ਰਿਹਾ ਸੀ, ਉਦੋਂ ਹੀ ਇਰਾਕੀ ਲੋਕਾਂ ਦੀ ਸਮੂਹਿਕ ਸੋਚ ਸਾਹਮਣੇ ਆਈ। ਇਰਾਕੀ ਉਸ ਵੇਲੇ, ਸੱਦਾਮ ਨੂੰ ਬਹੁਤ ਨਫ਼ਰਤ ਕਰਦੇ ਸਨ।

ਸੱਦਾਮ ਦਾ ਜਨਮ ਦਿਨ ਮਨਾਉਣ ਲਈ ਮਜਬੂਰ ਨਾ ਕੀਤੇ ਜਾਣ ‘ਤੇ ਇਰਾਕੀ ਜਸ਼ਨ ਮਨਾ ਰਹੇ ਸਨ, ਅਤੇ ਉਸ ਦਿਨ, ਸੱਦਾਮ ਨੇ ਟੀਵੀ ‘ਤੇ ਦੇਖਿਆ। ਲੋਕਾਂ ਦੀ ਖ਼ੁਸ਼ੀ ਵੇਖ ਕੇ ਉਹ ਜਜ਼ਬਾਤੀ ਹੋ ਗਿਆ ਤੇ ਸਾਰਾ ਦਿਨ ਹੀ ਉਦਾਸ ਰਿਹਾ।

ਮੇਰੀ ਮੌਮ ਨੇ ਘਰੇ ਹੋਮ ਮੇਡ ਕੂਕੀਜ਼ ਬਣਾਈਆਂ ਸਨ ਮੈ ਉਹ ਲੈ ਆਇਆ ਤੇ ਫੇਰ ਅਸੀਂ ਇਕੱਠਿਆਂ ਚਾਹ ਪੀਤੀ। ਇਸ ਵਿਹਾਰ ਨਾਲ ਉਹ ਕੁੱਝ ਚੰਗਾ ਮਹਿਸੂਸ ਕਰਨ ਲੱਗਾ।

ਇਸ ਤਾਲਮੇਲ ਨੂੰ ਬਿਹਤਰ ਬਣਾਉਣ ਲਈ ਮੈ ਵੱਖੋ-ਵੱਖਰੇ ਤਰੀਕੇ ਵਰਤ ਰਿਹਾ ਸੀ। ਇੱਕ ਸਮਾਂ ਇਹੋ ਜਿਹਾ ਵੀ ਆਇਆ ਜਦੋਂ ਉਸ ਨੇ ਕਿਹਾ, “ਮੈਂ ਕਿਸੇ ਸਵਾਲ ਦਾ ਜਵਾਬ ਨਹੀਂ ਦੇਣਾ ਚਾਹੁੰਦਾ,” ਉਹ ਚਲਾ ਗਿਆ, ਤੇ ਫਿਰ ਮੁੜ ਆਇਆ ਤੇ ਬੋਲਿਆ, “ਪਰ ਮੈਂ ਫਿਰ ਵੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹਾਂ।”

ਮੇਰੀਆਂ ਕੋਸ਼ਿਸ਼ਾਂ ਸਦਕਾ,ਸੱਦਾਮ ਉਸ ਬਿੰਦੂ ਤੇ ਪਹੁੰਚ ਗਿਆ ਜਿੱਥੇ ਮੈਂ ਉਸ ਨੂੰ ਲਿਜਾਣਾ ਚਾਹੁੰਦਾ ਸੀ। ਸੱਦਾਮ ਦਾ ਨਰਮ ਗੋਸ਼ਾ ਕਹਿੰਦਾ ਹੈ, “ਸੁਣੋ, ਜੇ ਤੁਸੀਂ ਮੈਨੂੰ ਕੁੱਝ ਨਹੀਂ ਕਹਿਣਾ ਚਾਹੁੰਦੇ, ਤਾਂ ਕੋਈ ਗੱਲ ਨਹੀਂ ਪਰ ਮੇਰੇ ਨਾਲ ਝੂਠ ਨਾ ਬੋਲੋ। ਇਹ ਅਪਮਾਨਜਨਕ ਹੈ। ”

ਲਗਾਤਾਰ ਪੰਜ ਮਹੀਨਿਆਂ ਦੀ ਪੁੱਛ-ਪੜਤਾਲ ਤੋਂ ਬਾਦ, ਮੈ ਮਹਿਸੂਸ ਕੀਤਾ ਕਿ ਹੁਣ ਸਹੀ ਸਮਾਂ ਹੈ ਜਦੋਂ ਮੈ ਇਸ ਨੂੰ ਕੈਮੀਕਲ ਹਥਿਆਰਾਂ ਦੀ ਗੱਲ ਪੁੱਛ ਸਕਦਾ ਹਾਂ।

ਬਰਗਨ: ਅਤੇ ਉਸ ਨੇ ਤੁਹਾਨੂੰ ਕੀ ਦੱਸਿਆ?

ਉਸ ਨੇ ਮੈਨੂੰ ਦੱਸਿਆ ਕਿ ਇਰਾਕ ਕੋਲ ਕੋਈ WMD,ਕੈਮੀਕਲ ਹਥਿਆਰ ਨਹੀਂ ਸੀ। ਜਿਸ ਬਾਰੇ ਸਾਨੂੰ ਸ਼ੱਕ ਸੀ ਕਿ ਉਸ ਕੋਲ ਸਨ। ਸੱਦਾਮ ਨੇ ਜੂਨ 2000 ਵਿੱਚ ਇੱਕ ਆਲੋਚਨਾਤਮਿਕ ਭਾਸ਼ਣ ਦਿੱਤਾ ਸੀ, ਜਿੱਥੇ ਉਸ ਨੇ ਕਿਹਾ ਸੀ ਕਿ ਇਰਾਕ ਵਿੱਚ WMD ਸੀ, ਅਤੇ ਬਹੁਤ ਸਾਰੇ ਲੋਕ ਜਾਣਨਾ ਚਾਹੁੰਦੇ ਸਨ ਕਿ ਕਿਉਂ ਤੇ ਕਿੱਥੇ ਸਨ ਇਹ ਹਥਿਆਰ?

– ਜੇਕਰ ਉਸ ਦੇ ਕੋਲ WMD ਨਹੀਂ ਸੀ, ਤਾਂ ਉਸ ਨੇ ਉਹ ਭਾਸ਼ਣ ਕਿਉਂ ਦਿੱਤਾ? ਇਸ ਲਈ ਸਭ ਚਾਹੁੰਦੇ ਸਨ ਕਿ ਮੈ ਉਸ ਤੋਂ ਭਾਸ਼ਣ ਬਾਰੇ ਪੁੱਛਾਂ। ਇਹ ਇਤਨਾ ਸਰਲ ਨਹੀਂ ਸੀ,ਮੈ ਮੌਕੇ ਦੀ ਤਲਾਸ਼ ਵਿੱਚ ਸਾਂ ਕਦੋਂ ਭਾਸ਼ਣ ਬਾਰੇ ਉਸ ਨਾਲ ਸਪਸ਼ਟ ਗੱਲਬਾਤ ਕਰ ਸਕਾਂ,ਬਿਨਾਂ ਉਸ ਨੂੰ ਇਹ ਅਹਿਸਾਸ ਹੋਏ ਕਿ ਮੈਂ WMD ਬਾਰੇ ਉਸ ਤੋਂ ਪੁੱਛਗਿੱਛ ਕਰ ਰਿਹਾ ਸੀ।

ਜਦੋਂ ਉਸ ਨੇ ਮੈਨੂੰ ਉਸ ਭਾਸ਼ਣ ਬਾਰੇ ਦੱਸਿਆ, ਤਾਂ ਉਸ ਦਾ ਸਭ ਤੋਂ ਵੱਡਾ ਦੁਸ਼ਮਣ ਅਮਰੀਕਾ ਜਾਂ ਇਜ਼ਰਾਈਲ ਨਹੀਂ ਸੀ। ਉਸ ਦਾ ਸਭ ਤੋਂ ਵੱਡਾ ਦੁਸ਼ਮਣ ਈਰਾਨ ਸੀ, ਅਤੇ ਉਸ ਨੇ ਮੈਨੂੰ ਦੱਸਿਆ ਕਿ ਉਹ ਲਗਾਤਾਰ ਈਰਾਨ ਨਾਲ ਸੰਤੁਲਨ ਜਾਂ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਸੱਦਾਮ ਦਾ ਸਭ ਤੋਂ ਵੱਡਾ ਡਰ ਇਹ ਸੀ ਕਿ ਜੇ ਈਰਾਨ ਨੂੰ ਪਤਾ ਲੱਗ ਗਿਆ ਕਿ ਇਰਾਕ ਕਿੰਨਾ ਕਮਜ਼ੋਰ ਹੋ ਗਿਆ ਹੈ, ਤਾਂ ਉਨ੍ਹਾਂ ਨੂੰ ਦੱਖਣੀ ਇਰਾਕ ‘ਤੇ ਹਮਲਾ ਕਰਨ ਤੋਂ ਕੋਈ ਨਹੀਂ ਰੋਕ ਸਕੇਗਾ। ਸੋ ਇਸ ਭਾਸ਼ਣ ਦਾ ਟੀਚਾ,ਈਰਾਨ ਨੂੰ ਦੂਰ ਰੱਖਣਾ ਸੀ।

ਬਰਗਨ: ਯੂ ਐੱਸ ਦੇ ਹਮਲੇ ਤੋਂ ਪਹਿਲਾਂ ਦੇ ਸਮੇਂ ਵਿੱਚ, ਉਹ ਇਹ ਦਾਅਵਾ ਕਰ ਰਿਹਾ ਸੀ ਕਿ ਉਸ ਕੋਲ ਕੈਮੀਕਲ ਹਥਿਆਰ ਹਨ, ਉਹ ਸਿਰਫ਼ ਈਰਾਨੀਆਂ ਨੂੰ ਇਰਾਕ ਉੱਤੇ ਹਮਲਾ ਕਰਨ ਤੋਂ ਰੋਕਣ ਲਈ ਹੀ ਇਹੋ ਜਿਹੀ ਗੱਲ ਉਡਾ ਰਿਹਾ ਸੀ, ਕੀ ਇਹ ਤੁਸੀਂ ਕਹਿ ਰਹੇ ਹੋ?

ਪੀਰੋ: ਬਿਲਕੁਲ, ਕਿਉਂਕਿ ਇਹ ਉਸ ਦੀ ਸਭ ਤੋਂ ਵੱਡੀ ਧਮਕੀ, ਅਮਰੀਕਾ ਵਾਸਤੇ ਨਹੀਂ ਸਗੋਂ ਈਰਾਨ ਬਾਰੇ ਸੀ। ਉਹ ਜਾਣਬੁੱਝ ਕੇ ਇਸ ਬਾਰੇ ਗੁਮਰਾਹਕੁਨ ਪ੍ਰਚਾਰ ਕਰ ਰਿਹਾ ਸੀ।

ਬਰਗਨ- 1980 ਦੇ ਦਹਾਕੇ ਦੌਰਾਨ ਇਰਾਕ ਅਤੇ ਈਰਾਨ ਨੇ ਲਗਭਗ 8 ਸਾਲਾਂ ਤੱਕ ਲੜਾਈ ਲੜੀ ਸੀ ਜਿਸ ਵਿੱਚ ਦੋਵਾਂ ਪਾਸਿਆਂ ਤੋਂ ਲੱਖਾਂ ਲੋਕ ਮਾਰੇ ਗਏ ਸਨ। ਇਹੋ ਗੱਲ ਉਸ ਨੂੰ ਬੇਚੈਨ ਕਰ ਰਹੀ ਸੀ।

ਜੰਗ ਦੇ ਸ਼ੁਰੂਆਤੀ ਦੌਰ ਵਿੱਚ ਈਰਾਨੀਆਂ ਨੂੰ ਇਸ ਦਾ ਫ਼ਾਇਦਾ ਹੋ ਰਿਹਾ ਸੀ। ਯੁੱਧ ਦੇ ਪਹਿਲੇ ਪੜਾਅ ਦੌਰਾਨ ਸ਼ੁਰੂ ਵਿੱਚ ਕੁੱਝ ਇਰਾਕੀ ਜ਼ਮੀਨ ਉੱਤੇ ਕਬਜ਼ਾ ਕਰਨ ਦੇ ਯੋਗ ਹੋ ਗਏ ਸਨ, ਅਤੇ ਫਿਰ ਇੱਕ ਖੜੋਤ ਪੈਦਾ ਹੋ ਗਈ ਸੀ। ਮੋੜਾ 1987 ਵਿੱਚ ਪਿਆ, ਜਦੋਂ ਇਰਾਕ ਤਹਿਰਾਨ ਵਿੱਚ ਡੂੰਘੀ ਗੋਲੀ ਬਾਰੀ ਅਤੇ ਹਮਲਾ ਕਰਨ ਦੇ ਯੋਗ ਹੋ ਗਿਆ। ਈਰਾਨੀ ਜਵਾਬ ਨਹੀਂ ਦੇ ਸਕੇ ਕਿਉਂਕਿ ਉਨ੍ਹਾਂ ਕੋਲ ਇਰਾਕ ਵਰਗੇ ਹਥਿਆਰਾਂ ਦੀ ਸਮਰੱਥਾ ਨਹੀਂ ਸੀ। ਇਸ ਲਈ ਉਹ ਉਸੇ ਕਿਸਮ ਦਾ ਜਵਾਬ ਨਹੀਂ ਦੇ ਸਕੇ। ਅਤੇ ਇਹੀ ਕਾਰਨ ਹੈ ਜਿਸ ਨੇ ਤਹਿਰਾਨ ਦੀਆਂ ਗੋਡੀਆਂ ਲਵਾਈਆਂ ਅਤੇ ਅਯਾਤੁੱਲਾ ਖੋਮੇਨੀ ਨੂੰ ਗੱਲਬਾਤ ਦੀ ਮੇਜ਼ ‘ਤੇ ਆਉਣ ਲਈ ਮਜਬੂਰ ਕੀਤਾ।

ਸੱਦਾਮ ਈਰਾਨੀਆਂ ਨੂੰ ਇਹ ਅਹਿਸਾਸ ਨਹੀਂ ਕਰਵਾਉਣਾ ਚਾਹੁੰਦਾ ਸੀ ਕਿ ਅਮਰੀਕੀ ਪਾਬੰਦੀਆਂ ਕਾਰਨ ਉਹ ਆਪਣੀ ਸਮਰੱਥਾ ਗਵਾ ਬੈਠਾ ਹੈ। ਆਪਣੇ ਸਭ ਤੋਂ ਵੱਡੇ ਦੁਸ਼ਮਣ ਨੂੰ ਬੁੱਧੂ ਬਣਾ ਰਿਹਾ ਸੀ ਕਿ ਉਹ ਅਜੇ ਵੀ ਓਨਾ ਹੀ ਸ਼ਕਤੀਸ਼ਾਲੀ ਅਤੇ ਖ਼ਤਰਨਾਕ ਸੀ ਜਿੰਨਾ ਉਹ 1987-88 ਦੇ ਸਮੇਂ ਦੌਰਾਨ ਸੀ।

ਮੈਂ ਸੱਦਾਮ ਨੂੰ ਪੁੱਛਿਆ, “ਜਦੋਂ ਪਾਬੰਦੀਆਂ ਹਟ ਗਈਆਂ, ਤੁਸੀਂ ਕੀ ਕਰਨ ਜਾ ਰਹੇ ਸੀ?” ਉਸ ਨੇ ਕਿਹਾ, “ਅਸੀਂ ਉਹ ਕਰਨ ਜਾ ਰਹੇ ਸੀ ਜੋ ਸਾਨੂੰ ਕਰਨ ਦੀ ਲੋੜ ਸੀ ਜਾਂ ਸਾਨੂੰ ਆਪਣੀ ਰੱਖਿਆ ਲਈ ਕਰਨਾ ਚਾਹੀਦਾ ਸੀ।” ਇਹ ਦੱਸਣ ਦਾ ਉਸ ਦਾ ਤਰੀਕਾ ਸੀ ਕਿ ਉਸ ਨੇ ਆਪਣੇ ਪੂਰੇ WMD ਪ੍ਰੋਗਰਾਮ ਦਾ ਪੁਨਰਗਠਨ ਕਰ ਲਿਆ ਹੋਵੇਗਾ।

ਬਰਗਨ: ਕੀ ਉਹ ਅਮਰੀਕਾ ਦੇ ਹਮਲੇ ਤੋਂ ਹੈਰਾਨ ਸੀ?

ਪੀਰੋ: ਨਹੀਂ, ਜਦੋਂ ਇਹ ਹੋਇਆ ਤਾਂ ਉਹ ਹੈਰਾਨ ਨਹੀਂ ਹੋਇਆ। ਸ਼ੁਰੂ ਵਿੱਚ, ਉਸ ਨੇ ਇਹ ਨਹੀਂ ਸੋਚਿਆ ਸੀ ਕਿ ਅਸੀਂ ਹਮਲਾ ਕਰਾਂਗੇ। ਜੇ ਤੁਸੀਂ 2002 ਦੀ ਬਹੁਗਿਣਤੀ ‘ਤੇ ਨਜ਼ਰ ਮਾਰੋ, ਤਾਂ ਉਹ ਇਸ ਪ੍ਰਭਾਵ ਹੇਠ ਸੀ ਕਿ ਅਸੀਂ ਹਵਾਈ ਹਮਲੇ ਕਰਨ ਜਾ ਰਹੇ ਸੀ, ਜਿਵੇਂ ਕਿ ਅਸੀਂ 1998 ਵਿਚ ਕੀਤਾ ਸੀ, ਅਮਰੀਕੀ ਬੰਬਾਰੀ ਮੁਹਿੰਮ ਜਿਸ ਨੂੰ ਡੇਜ਼ਰਟ ਫੌਕਸ ਕਿਹਾ ਜਾਂਦਾ ਸੀ, ਜੋ ਚਾਰ ਦਿਨਾਂ ਦੇ ਹਵਾਈ ਹਮਲੇ ਸਨ, ਅਤੇ ਸੱਦਾਮ ਸਮਝਦਾ ਸੀ ਕਿ ਉਹ ਬਚਣ ਦੇ ਯੋਗ ਸੀ।

ਇਸ ਲਈ ਉਹ ਸਤੰਬਰ 2002 ਤੱਕ ਅਪਮਾਨਿਤ ਰਿਹਾ, ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਰਾਸ਼ਟਰਪਤੀ ਬੁਸ਼ ਇਰਾਕ ‘ਤੇ ਹਮਲਾ ਕਰਨ ਦਾ ਇਰਾਦਾ ਰੱਖਦੇ ਹਨ। ਇਸ ਲਈ, ਉਸ ਨੇ ਆਪਣੀ ਸਥਿਤੀ ਦਾ ਮੁਹਾਂਦਰਾ ਬਦਲਿਆ ਅਤੇ ਹਥਿਆਰਾਂ ਦੇ ਇੰਸਪੈਕਟਰਾਂ ਨੂੰ ਇਰਾਕ ਵਿੱਚ ਆਕੇ ਚੈੱਕ ਕਰਨ ਦੀ ਇਜਾਜ਼ਤ ਦਿੱਤੀ। ਉਸ ਨੇ ਮੈਨੂੰ ਦੱਸਿਆ ਕਿ ਸ਼ਾਇਦ ਅਕਤੂਬਰ ਜਾਂ ਨਵੰਬਰ 2002 ਤੱਕ, ਉਸ ਨੇ ਮਹਿਸੂਸ ਕੀਤਾ ਕਿ ਯੁੱਧ ਅਟੱਲ ਹੈ ਅਤੇ ਫਿਰ ਆਪਣੇ ਆਪ ਨੂੰ ਅਤੇ ਆਪਣੀ ਲੀਡਰਸ਼ਿਪ ਅਤੇ ਫ਼ੌਜ ਨੂੰ ਯੁੱਧ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ।

ਬਰਗਨ: ਕੀ ਤੁਸੀਂ ਸੋਚਦੇ ਹੋ ਕਿ ਉਹ ਹੈਰਾਨ ਸੀ ਕਿ ਅਮਰੀਕਾ ਨੇ ਉਸ ਦੇ ਸ਼ਾਸਨ ਨੂੰ ਕਿੰਨੀ ਤੇਜ਼ੀ ਨਾਲ ਡੇਗ ਦਿੱਤਾ?

ਪੀਰੋ: ਉਸ ਨੇ ਮੈਨੂੰ ਦੱਸਿਆ ਕਿ ਉਸ ਨੇ ਆਪਣੇ ਫ਼ੌਜੀ ਕਮਾਂਡਰਾਂ ਨੂੰ ਦੋ ਹਫ਼ਤਿਆਂ ਦੀ ਰਵਾਇਤੀ ਜੰਗ ਲਈ ਤਿਆਰੀ ਕਰਨ ਲਈ ਕਿਹਾ ਅਤੇ ਫਿਰ ਉਸ ਸਮੇਂ, ਉਸ ਨੇ ਆਸ ਕੀਤੀ ਅਤੇ ਅੰਦਾਜ਼ਾ ਲਗਾਇਆ ਕਿ ਗੈਰ-ਰਵਾਇਤੀ ਯੁੱਧ ਜਾਂ ਬਗ਼ਾਵਤ ਸ਼ੁਰੂ ਹੋ ਜਾਵੇਗੀ, ਅਤੇ ਇਹ ਇੱਕ ਬਹੁਤ ਜ਼ਿਆਦਾ ਚੁਨੌਤੀ ਪੂਰਨ ਹੋਵੇਗਾ ਤੇ ਉਹ ਸ਼ਾਇਦ ਕਾਇਮ ਨਹੀਂ ਰਹਿ ਸਕੇਗਾ।

ਬਰਗਨ: ਠੀਕ ਹੈ, ਸੱਦਾਮ ਦਾ ਇਹ ਅੰਦਾਜ਼ਾ ਬਿਲਕੁਲ ਸਹੀ ਨਿਕਲਿਆ। … ਤੁਹਾਡੀ ਪੁੱਛਗਿੱਛ ਦਾ ਇੱਕ ਚੰਗਾ ਹਿੱਸਾ ਸੱਦਾਮ ਦੇ ਮੁਕੱਦਮੇ ਦਾ ਆਧਾਰ ਬਣ ਗਿਆ, ਠੀਕ ਹੈ? ਤੁਸੀਂ ਉਸ ਦੇ ਲੋਕਾਂ ਦੇ ਵਿਰੁੱਧ ਉਸ ਦੇ ਜੁਰਮਾਂ ਦੀ ਖੋਜ ਕੀਤੀ, ਅਤੇ ਉਹ ਸਬੂਤ ਆਖ਼ਰਕਾਰ ਉਸ ਦੇ ਵਿਰੁੱਧ ਅਦਾਲਤ ਵਿੱਚ ਵਰਤੇ ਗਏ ਅਤੇ ਅੰਤ ਵਿੱਚ ਉਸ ਨੂੰ ਫਾਂਸੀ ਦੀ ਸਜਾ ਹੋ ਗਈ।

ਇਸ ਲਈ, ਅਸੀਂ ਇਤਿਹਾਸਕ ਘਟਨਾਵਾਂ ‘ਤੇ ਵੀ ਧਿਆਨ ਕੇਂਦਰਿਤ ਕੀਤਾ: ਅਸੀਂ ਕੁਵੈਤ ਦੇ ਹਮਲੇ ਅਤੇ ਕੁਰਦਾਂ ਦੇ ਗੈਸਿੰਗ ਬਾਰੇ ਗੱਲ ਕੀਤੀ। ਸੱਦਾਮ ਨੇ ਕੁੱਝ ਦਲੀਲਾਂ ਦੇ ਕੇ ਮੰਨਿਆ ਕਿ ਹਾਂ ਐਸਾ ਹੋਇਆ ਹੈ।

ਸੱਦਾਮ ਹੀ ਨਹੀਂ ਬਲਕਿ ਉਸ ਦੇ ਹੋਰ ਸਾਰੇ ਅਧੀਨ-ਨੇਤਾਵਾਂ ਨੇ ਵੀ ਅਜਿਹਾ ਕੀਤਾ।

ਇਸ ਲਈ, ਅਸੀਂ ਉਸ ਕਿਸਮ ਦੇ ਸਾਰੇ ਸਬੂਤ ਇਕੱਠੇ ਕਰਨ ਅਤੇ ਇੱਕ ਸੂਤਰ ਵਿੱਚ ਪਰੋਣ ਦੇ ਯੋਗ ਸੀ, ਅਤੇ ਮੈਂ ਖ਼ੁਸ਼ਕਿਸਮਤ ਸੀ ਕਿ ਮੈਂ ਉਸ ਰਿਪੋਰਟ ਨੂੰ ਇਕੱਠਾ ਕਰਨ ਵਿੱਚ ਕਾਮਯਾਬ ਰਿਹਾ। ਸੱਦਾਮ ਦੇ ਮੁਕੱਦਮੇ ਦਾ ਆਧਾਰ ਹੁਣ ਤਿਆਰ ਸੀ। ਅਸੀਂ ਉਨ੍ਹਾਂ ਹਮਲਿਆਂ ਤੋਂ ਬਚੇ ਹੋਏ ਗਵਾਹਾਂ ਨੂੰ ਲੱਭਿਆ ਅਤੇ ਪਛਾਣਿਆ ਜੋ ਸੱਦਾਮ ਦੇ ਸਾਹਮਣੇ ਅਦਾਲਤ ਵਿੱਚ ਪੇਸ਼ ਹੋਣ ਅਤੇ ਉਸ ਦੇ ਅਪਰਾਧਾਂ ਦੀ ਗਵਾਹੀ ਦੇਣ ਲਈ ਤਿਆਰ ਸਨ ਅਤੇ ਅਸੀਂ ਦਸਤਾਵੇਜ਼ ਅਤੇ ਆਡੀਓ ਬਰਾਮਦ ਕੀਤੇ ਜੋ ਕੇਸ ਦਾ ਸਮਰਥਨ ਕਰਦੇ ਸਨ।

ਬਰਗਨ: “20 ਸਾਲਾਂ ਬਾਅਦ ਵੱਡਾ ਸਵਾਲ ਇਹ ਹੈ, ਕੀ ਇਹ ਸਭ ਜ਼ਰੂਰੀ ਸੀ ਤੇ ਹੋਣਾ ਹੀ ਸੀ?”

ਤੁਸੀਂ ਇਰਾਕ ਨੂੰ ਦੇਖੋ, ਉੱਥੇ ਘਰੇਲੂ ਯੁੱਧ ਦੌਰਾਨ ਸੈਂਕੜੇ ਹਜ਼ਾਰਾਂ ਲੋਕ ਮਾਰੇ ਗਏ ਸਨ। ਸੱਦਾਮ ਦੇ ਅਧੀਨ ਇਰਾਕ ਵਿੱਚ ਅੱਲ ਕਾਇਦਾ ਦੀ ਕੋਈ ਮੌਜੂਦਗੀ ਨਹੀਂ ਸੀ, ਪਰ ਅਮਰੀਕੀ ਹਮਲੇ ਤੋਂ ਬਾਅਦ, ਇਰਾਕ ਵਿੱਚ ਅੱਲ ਕਾਇਦਾ ਵਜੋਂ ਜਾਣੀ ਜਾਂਦੀ ਇੱਕ ਸ਼ਕਤੀਸ਼ਾਲੀ ਅੱਲ ਕਾਇਦਾ ਸ਼ਾਖਾ ਫੈਲ ਗਈ, ਜੋ ਆਖ਼ਰਕਾਰ ਆਈ ਐਸ ਆਈ ਐਸ ਵਿੱਚ ਬਦਲ ਗਈ।

ਸੱਦਾਮ ਇੱਕ ਭਿਆਨਕ ਇਨਸਾਨ ਸੀ। ਉਹ 20ਵੀਂ ਸਦੀ ਦੇ ਅਖੀਰਲੇ ਸਭ ਤੋਂ ਖ਼ਤਰਨਾਕ ਕਾਤਲ ਆਦਮੀਆਂ ਵਿੱਚੋਂ ਇੱਕ ਹੈ। ਫਿਰ ਵੀ, ਉਸੇ ਸਮੇਂ, ਉਸ ਨੇ ਇਰਾਕ ਦੀਆਂ ਬੁਨਿਆਦੀ ਦਹਿਲੀਜ਼ਾਂ ‘ਤੇ ਇੱਕ ਢੱਕਣ ਰਖੀ ਰੱਖਿਆ, ਜਿਸ ਵਿੱਚ ਇੱਕ ਕਾਰਜਸ਼ੀਲ ਸਿੱਖਿਆ ਪ੍ਰਣਾਲੀ ਅਤੇ ਮੁਕਾਬਲਤਨ ਪੜ੍ਹੀ-ਲਿਖੀ ਆਬਾਦੀ ਸੀ, ਅਤੇ ਇਹ ਸਭ ਅਮਰੀਕੀ ਹਮਲੇ ਕਾਰਨ ਉੱਡ ਗਿਆ। ਤੁਸੀਂ ਇਸ ਸਭ ਬਾਰੇ ਕਿਵੇਂ ਸੋਚਦੇ ਹੋ?

ਪੀਰੋ: ਇਹ ਬਹੁਤ ਔਖਾ ਸਵਾਲ ਹੈ। ਸੱਦਾਮ ਸਾਡੇ ਸਮੇਂ ਦੇ ਸਭ ਤੋਂ ਬੇਰਹਿਮ ਤਾਨਾਸ਼ਾਹਾਂ ਵਿੱਚੋਂ ਇੱਕ ਹੈ ਅਤੇ ਇਤਿਹਾਸ ਵਿੱਚ ਸਭ ਤੋਂ ਭਿਆਨਕ ਅੱਤਿਆਚਾਰਾਂ ਲਈ ਜ਼ਿੰਮੇਵਾਰ ਸੀ ਪਰ ਦੂਜੇ ਪਾਸੇ, ਉਸ ਨੇ ਮੈਨੂੰ ਦੱਸਿਆ ਕਿ ਸਾਨੂੰ ਨਹੀਂ ਪਤਾ ਕਿ ਇਰਾਕ ‘ਤੇ ਰਾਜ ਕਰਨਾ ਕਿੰਨਾ ਮੁਸ਼ਕਲ ਸੀ।

ਬਰਗਨ ਦਾ ਪੀਰੋ ਨੂੰ ਕੀਤਾ ਸੁਆਲ ਅਸਲ ਵਿੱਚ ਬਹੁਤ ਮਾਇਨੇ ਰੱਖਦਾ ਹੈ, ਕੀ ਇੰਜ ਕਰਨਾ,ਮਾਨਵਤਾ ਦੇ ਹਿਤ ਵਿੱਚ ਹੈ?”

ਮੈ ਇਸ ਬਾਰੇ ਸੋਚਣ ਜਾਂ ਇਸ ਉੱਤੇ ਧਿਆਨ ਕੇਂਦਰਿਤ ਕਰਨ ਦੀ ਸਥਿਤੀ ਵਿੱਚ ਨਹੀਂ ਸੀ; ਮੇਰਾ ਕੰਮ ਪੁੱਛਗਿੱਛ ਕਰਨਾ ਸੀ।

ਦੂਜੇ ਪਾਸੇ, ਜੋ ਚੀਜ਼ ਮੈਨੂੰ ਵਧੇਰੇ ਨਿਰਾਸ਼ ਕਰਦੀ ਹੈ ਉਹ ਇਹ ਹੈ ਕਿ ਯੁੱਧ ਦੀ ਸ਼ੁਰੂਆਤ ਵਿੱਚ ਮੁੱਖ ਮੌਕੇ ਸਨ ਅਤੇ ਸਾਡੇ ਹਿੱਸੇ ਮਹੱਤਵਪੂਰਨ ਅਸਫਲਤਾਵਾਂ ਆਈਆਂ। ਜੇ ਇੰਜ ਨਾਂਹ ਹੁੰਦਾ ਤਾਂ ਅੱਜ ਇਰਾਕ ਕਿੰਨਾ ਵੱਖਰਾ ਦਿਖਾਈ ਦਿੰਦਾ।

ਬਰਗਨ: ਅਤੇ ਉਹ ਅਸਫਲਤਾਵਾਂ ਕੀ ਹਨ?

ਪੀਰੋ: ਮੇਰੇ ਲਈ, ਸਭ ਤੋਂ ਵੱਡੀ ਗੱਲ ਅਮਰੀਕਾ ਦੁਆਰਾ ਇਰਾਕੀ ਫ਼ੌਜ ਨੂੰ ਖ਼ਤਮ ਕਰਨਾ ਸੀ।

ਬਰਗਨ: ਕਿਉਂ?

ਪੀਰੋ: 2003 ਵਿੱਚ ਇਰਾਕ ਵਿੱਚ ਸਭ ਤੋਂ ਵੱਡਾ ਰੁਜ਼ਗਾਰ ਦਾਤਾ ਇਰਾਕੀ ਫ਼ੌਜ ਸੀ। ਇਸ ਲਈ, ਅਸੀਂ ਅੰਦਰ ਆਉਂਦੇ ਹਾਂ, ਅਤੇ ਅਸੀਂ ਪੂਰੀ ਤਰਾਂ ਮਿਲਟਰੀ ਨੂੰ ਖ਼ਤਮ ਕਰ ਦਿੰਦੇ ਹਾਂ. ਜਿਵੇਂ ਕਿ ਕਿਸੇ ਵੀ ਦੇਸ਼ ਵਿੱਚ, ਇੱਕ ਸਿਪਾਹੀ ਜਿਉਂਦੇ ਰਹਿਣ ਲਈ ਆਪਣੀ ਤਨਖ਼ਾਹ ਅਤੇ ਲਾਭਾਂ ‘ਤੇ ਨਿਰਭਰ ਕਰਦਾ ਹੈ।,

ਪਰਵਾਰ ਅਤੇ ਜ਼ਿੰਮੇਵਾਰੀਆਂ ਕਿਸੇ ਵੀ ਸਿਪਾਹੀ ਨੂੰ ਡਸਿਪਲਿਨ ਵਿੱਚ ਰੱਖਦੀ ਹੈ।

ਸਾਨੂੰ ਇਸ ਦੇ ਪ੍ਰਭਾਵ ਦਾ ਅਹਿਸਾਸ ਨਹੀਂ ਹੋਇਆ, ਅਤੇ ਅਸੀਂ ਸਾਰਿਆਂ ਨੂੰ ਬਰਖ਼ਾਸਤ ਕਰ ਦਿੱਤਾ। ਅਸੀਂ ਇਸ ਬਾਰੇ ਨਹੀਂ ਸੋਚਿਆ ਕਿ ਇਹ ਵਰਤਾਰਾ ਇਰਾਕ ਦੀ ਸਥਿਤੀ ਨੂੰ ਕਿਵੇਂ ਪ੍ਰਭਾਵਤ ਕਰਨ ਜਾ ਰਿਹਾ ਹੈ। ਨਤੀਜੇ ਵਜੋਂ, ਉਹ ਅਸੰਤੁਸ਼ਟ ਅਤੇ ਨਾਰਾਜ਼ ਹੋ ਗਏ, ਅਤੇ ਇਹੀ ਸ਼ੁਰੂਆਤੀ ਦੌਰ ਵਿੱਚ ਬਗ਼ਾਵਤ ਦਾ ਆਧਾਰ ਸੀ ਜਿਸ ਦਾ ਅਸੀਂ 2003 ਅਤੇ 2004 ਵਿੱਚ ਸਾਹਮਣਾ ਕੀਤਾ ਸੀ।

ਸਾਡੇ ਕੋਲ ਸੱਦਾਮ ਨੂੰ ਹਟਾਉਣ ਦਾ ਅਸਲ ਲਾਭ ਲੈਣ ਲਈ ਬਹੁਤ ਘੱਟ ਸਮਾਂ ਸੀ, ਇਸ ਤੋਂ ਪਹਿਲਾਂ ਕਿ ਇਰਾਕੀ ਲੋਕਾਂ ਨੇ ਸਾਨੂੰ ਇੱਕ ਕਬਜ਼ਾ ਕਰਨ ਵਾਲੀ ਤਾਕਤ ਵਜੋਂ ਦੇਖਿਆ। ਮੇਰਾ ਮੰਨਣਾ ਹੈ ਕਿ ਸਾਡੇ ਕੋਲ ਸਿਰਫ਼ ਛੇ ਮਹੀਨਿਆਂ ਦਾ ਸਮਾਂ ਸੀ, ਅਤੇ ਅਸੀਂ ਵੱਡੀਆਂ ਗਲਤੀਆਂ ਕੀਤੀਆਂ।

ਬਰਗਨ: ਹੁਣ ਜਦੋਂ ਤੁਸੀਂ ਰਿਟਾਇਰ ਹੋ ਤੇ ਇੱਕ ਨਿੱਜੀ ਨਾਗਰਿਕ ਹੋ: ਕੀ ਤੁਹਾਡੇ ਕੋਲ ਇਸ ਗੱਲ ਦਾ ਪ੍ਰਤੀਬਿੰਬ ਹੈ ਕਿ ਇਰਾਕ ਹੁਣ ਕਿੱਥੇ ਹੈ ਅਤੇ ਭਵਿੱਖ ਵਿੱਚ ਕਿਹੋ ਜਿਹਾ ਦਿਖਾਈ ਦੇ ਸਕਦਾ ਹੈ?

ਪੀਰੋ: ਮੈਂ ਇਰਾਕ ਦੇ ਭਵਿੱਖ ਬਾਰੇ ਬਹੁਤ ਜ਼ਿਆਦਾ ਆਸ਼ਾਵਾਦੀ ਨਹੀਂ ਹਾਂ, ਮੁੱਖ ਤੌਰ ‘ਤੇ ਕਿਉਂਕਿ ਇਰਾਕ ਨੂੰ ਇੱਕ ਅਜਿਹਾ ਨੇਤਾ ਚਾਹੀਦਾ ਹੈ ਜੋ ਇਰਾਕ ਨੂੰ ਪਹਿਲ ਦੇਵੇ। ਇਹ ਇੱਕ ਕੰਮ ਸੀ ਜੋ ਸੱਦਾਮ ਨੇ ਕੀਤਾ – ਉਸ ਨੇ ਇਰਾਕ ਨੂੰ ਪਹਿਲ ਦਿੱਤੀ, ਅਤੇ ਸਾਰਿਆਂ ਨੂੰ ਇੱਕਠੇ ਕੀਤਾ। ਐਸੀ ਨੁਮਾਇੰਦਗੀ ਜੋ ਇਰਾਕ ਨੂੰ ਇੱਕ ਦੇਸ਼ ਵਾਂਗ ਇਕਠਾ ਕਰੇ ਤੇ ਲੋਕ ਵੀ ਨਾਲ ਹੋਣ, ਉਹ ਧਾਰਮਿਕ ਜਾਂ ਨਸਲੀ ਪਿਛੋਕੜ ਦੀ ਪਰਵਾਹ ਨਾ ਕਰੇ ਤੇ ਇਰਾਕ ਨੂੰ ਇੱਕ ਦੇਸ਼ ਵਜੋਂ ਸੋਚੇ, ਇਸ ਦਾ ਭਵਿੱਖ ਇੱਕ ਚੁਨੌਤੀ ਪੂਰਨ ਹੀ ਰਹੇਗਾ।

ਬਰਗਨ: ਆਖ਼ਰਕਾਰ, ਦਸੰਬਰ 2006 ਵਿੱਚ ਸ਼ੀਆ-ਪ੍ਰਭਾਵੀ ਇਰਾਕੀ ਸਰਕਾਰ ਦੁਆਰਾ ਸੱਦਾਮ ਨੂੰ ਫਾਂਸੀ ਦੇ ਦਿੱਤੀ ਗਈ।

ਸਰਕਾਰੀ ਟੈਲੀਵਿਜ਼ਨ ‘ਤੇ ਇੱਕ ਵੀਡੀਓ ਪ੍ਰਸਾਰਿਤ ਕੀਤਾ ਗਿਆ ਸੀ ਜਿਸ ਵਿੱਚ ਦਿਖਾਇਆ ਗਿਆ ਸੀ ਕਿ ਸੱਦਾਮ ਨੂੰ ਫਾਂਸੀ ਦਿੱਤੇ ਜਾਣ ਤੋਂ ਕੁੱਝ ਪਲ ਪਹਿਲਾਂ, ਉਸ ਨੂੰ ਫਾਂਸੀ ਦੇ ਚੈਂਬਰ ਵਿੱਚ ਲਿਆਉਣ ਵਾਲੇ ਗਾਰਡਾਂ ਨੇ ਉਸ ਦਾ ਮਜ਼ਾਕ ਉਡਾਇਆ,ਇਸ ਬਾਰੇ ਤੁਹਾਡੀ ਪ੍ਰਤੀਕਿਰਿਆ ਕੀ ਸੀ?

ਪੀਰੋ: ਹਾਂ। ਮੈਂ ਇਹ ਦੇਖਿਆ, ਇਹ ਦੁਨੀਆ ਭਰ ਦੇ ਹਰ ਨਿਊਜ਼ ਚੈਨਲ ‘ਤੇ ਪ੍ਰਸਾਰਿਤ ਕੀਤਾ ਗਿਆ ਸੀ। ਅਤੇ ਮੈਂ ਤੁਹਾਨੂੰ ਦੱਸਣ ਲੱਗਿਆਂ ਇਮਾਨਦਾਰ ਹੋਵਾਂਗਾ, ਮੈਂਨੂੰ ਇਹ ਚੰਗਾ ਨਹੀ ਲੱਗਾ। ਇਹ ਠੀਕ ਨਹੀਂ ਸੀ। ਸੱਦਾਮ ਨੂੰ ਇਰਾਕੀ ਲੋਕਾਂ ਦੇ ਵਿਰੁੱਧ ਕੀਤੇ ਗਏ ਅਪਰਾਧਾਂ ਲਈ ਸਜ਼ਾ ਦੇ ਆਧਾਰ ‘ਤੇ ਫਾਂਸੀ ਦਿੱਤੀ ਗਈ ਸੀ।

 ਸੁਆਲ ਇਹ ਹੈ ਕਿ ਜਿਵੇਂ ਫਾਂਸੀ ਦਿੱਤੀ ਗਈ: ਇਹ ਬਦਲਾ ਲੈਣ ਵਾਂਗ ਦਿਖਾਈ ਦਿੰਦਾ ਸੀ।

ਪੀਰੋ: ਮੈਂ ਸੱਦਾਮ ਨਾਲ ਉਸ ਦੀ ਆਉਣ ਵਾਲੀ ਫਾਂਸੀ ਬਾਰੇ ਗੱਲ ਕੀਤੀ ਕਿਉਂਕਿ ਉਹ ਜਾਣਦਾ ਸੀ ਕਿ ਉਸ ਨੂੰ ਦੋਸ਼ੀ ਠਹਿਰਾਇਆ ਜਾਵੇਗਾ ਅਤੇ ਉਸ ਨੂੰ ਫਾਂਸੀ ਦਿੱਤੀ ਜਾ ਰਹੀ ਹੈ।

ਮੈ ਜਦੋਂ ਇਹ ਰਿਪੋਰਟ ਪੜ੍ਹ ਰਿਹਾ ਸੀ ਤਾਂ ਇੰਜ ਲੱਗਾ ਕਿ ਅੱਜ ਵੀ ਉਹੋ ਕੁੱਝ ਹੋ ਰਿਹਾ ਹੈ ਤੇ ਅੱਗੇ ਵੀ ਇੰਜ ਹੀ ਹੋਵੇਗਾ।

ਕੁਲਜੀਤ ਮਾਨ

Posted in

Leave a comment