ਕਵਿਤਾਂਜਲੀ ਲਈ ਸੁਆਗਤੀ ਸ਼ਬਦ
ਖ਼ੁਸ਼ਬੋ ਨਹੀਂ ਤਾਂ ਖ਼ੁਸ਼ਬੋ ਰਹਿਤ ਵੀ ਨਾ ਹੋਵਾਂ। ਇਹ ਬੋਲ ਮੇਰੇ ਨਹੀਂ ਹਨ,ਸਾਡੇ ਸਾਰਿਆਂ ਦੇ ਹਨ।
ਸਾਡਾ ਵਜੂਦ ਉੱਥੇ ਹੀ ਵਿਚਰਦਾ ਹੈ ਜਿੱਥੇ ਅਸੀਂ ਉਸ ਨੂੰ ਇਜਾਜ਼ਤ ਦਿੰਦੇ ਹਾਂ। ਨੈਤਿਕਤਾ ਦੀ ਮਾਨਸਿਕਤਾ ਸਾਡਾ ਲਰਨਿੰਗ ਪ੍ਰੋਸੈਸ ਤਹਿ ਕਰਦਾ ਹੈ। ਇਹ ਪ੍ਰੋਸੈਸ ਹੀ ਸਾਨੂੰ ਦੱਸਦਾ ਹੈ ਕਿ ਕਿਹੜੀ ਗੱਲ ਅਸੀਂ ਗ੍ਰਹਿਣ ਕਰਨੀ ਹੈ ਤੇ ਕਿਹੜੀ ਕੋਲੋਂ ਮਲਕੜੇ ਜਿਹੇ ਲੰਘ ਜਾਣਾ ਹੈ।
ਅੰਦਰਲੇ ਰਾਵਣ ਨੂੰ ਵੀ ਅਸੀਂ ਸੋਹਣੇ ਵਸਤਰ ਧਾਰਨ ਕਰਾ ਕੇ, ਲੋਕਾਂ ਵਿੱਚ ਵਿਚਰਨ ਦਾ ਭਰਮ ਪਾਲ ਲੈਂਦੇ ਹਾਂ ਤੇ ਭੁੱਲ ਜਾਂਦੇ ਹਾਂ ਕਿ ਸਾਡੇ ਆਸੇ ਪਾਸੇ ਵਸਿਆ ਸਮਾਜ ਸਾਂਝੀਆਂ ਕੀਮਤਾਂ ਨਾਲ ਜਰਬਿਆ ਹੋਇਆ ਹੈ। ਅਸੀਂ ਪੰਜਾਬੀ, ਹਰ ਕਾਠ ਦੀ ਹਾਂਡੀ ਨੂੰ ਇੱਕ ਮੌਕਾ ਜ਼ਰੂਰ ਦਿੰਦੇ ਹਾਂ। ਮੈ ਤੇ ਮੈ ਦੀ ਜ਼ਿੰਮੇਵਾਰੀ ਤੋਂ ਮੁਕਤ ਹੋਣਾ ਸਾਡੇ ਵੱਸ ਵਿਚ ਨਹੀਂ ਹੈ, ਪਰ ਅਸੀਂ ਮੇਲਾ ਵੇਖਣ ਦੇ ਆਦੀ ਹੋ ਗਏ ਹਾਂ।
ਬੀਤ ਰਿਹਾ ਸਮਾਂ, ਸਾਡਾ ਉਤਨਾ ਕੁ ਹੀ ਹੈ ਜਿਤਨਾ ਮੇਰੇ ਗੁਆਂਢੀ ਦਾ, ਬਾਕੀ ਤਾਂ ਸਾਰਾ ਕਰਜ਼ ਹੈ, ਇਸ ਕਰਜ਼ ਤੋਂ ਮੁਕਤ ਹੋਣਾ ਸੰਭਵ ਨਹੀਂ ਹੈ। ਵਡੇਰਿਆਂ ਨੇ ਇਤਨਾ ਕੁੱਝ ਦਿੱਤਾ ਹੈ, ਉਸ ਦਾ ਛਟਾਂਕ ਵੀ ਅਸੀਂ ਅਪਣਾ ਲਈਏ ਤਾਂ ਆਸਾ ਪਾਸਾ ਖ਼ੂਬਸੂਰਤੀ ਵਲ ਤੁਰ ਸਕਦਾ ਹੈ ਪਰ ਇੰਜ ਹੋ ਨਹੀਂ ਰਿਹਾ।
ਮੇਰਾ ਗੁਆਂਢੀ ਮੇਰੇ ਵਿਚੋਂ ਹਮੇਸ਼ਾ ਮੇਰੀ ਦੁਖਦੀ ਰਗ ਹੀ ਲੱਭਦਾ ਹੈ, ਉਸ ਨੂੰ ਸ਼ਾਇਦ ਮੇਰੀ ਠੰਢਕ ਦਾ ਅਹਿਸਾਸ ਹੀ ਨਹੀਂ ਹੈ, ਦੋਸਤੀ ਕੋਈ ਕਰਾਂਤੀ ਨਹੀਂ ਹੁੰਦੀ ਜੋ ਤੁਹਾਡੀ ਸੋਚ ਮੁਤਾਬਿਕ ਹੋਵੇ। ਇਹ ਤੇ ਪਰਛਾਵੇਂ ਵਾਂਗ ਹੁੰਦੀ ਹੈ ਤੇ ਇਸ ਨੂੰ ਭਾਨ ਦੀ ਖ਼ਾਤਰ ਭੁਨਾਇਆ ਨਹੀਂ ਜਾ ਸਕਦਾ।
ਬਿੱਲ ਅਦਾ ਕਰ ਕੇ ਬਾਕੀ ਦੀ ਗੁੰਜਾਇਸ਼, ਦੋਸਤੀ ਵਿਚ ਨਹੀਂ ਹੁੰਦੀ।
ਛੇਵਾਂ ਦਰਿਆ ਇੱਕ ਸੁਪਨੇ ਵਾਂਗ ਹੈ ਪਰ ਇਸ ਦਾ ਕਾਵਿਕ ਹਿੱਸਾ ਹੈ ਹੀ ਨਹੀਂ। ਕਾਰਨ ਮੈਨੂੰ ਇਸ ਵਿਧਾ ਦੀ ਸਮਝ ਨਹੀਂ ਤੇ ਮੇਰਾ ਦਿਲ ਨਹੀਂ ਮੰਨਦਾ ਕੁੱਝ ਵੀ ਐਸਾ ਪਾਇਆ ਜਾਵੇ ਜਿਸ ਦੀਆਂ ਜੜਾਂ ਨੂੰ ਮੈ ਜਾਣਦਾ ਹੀ ਨਹੀਂ।
ਸੁਰਜੀਤ ਜੀ ਨਾਲ ਗੱਲ ਕੀਤੀ। ਉਨ੍ਹਾਂ ਛੇਵਾਂ ਦਰਿਆ ਦੀ ਤਾਰੀਫ ਕੀਤੀ ਤੇ ਮੈ ਝੱਟ ਹੀ ਸੁਆਲ ਕਰ ਦਿੱਤਾ। ਸੁਰਜੀਤ ਜੀ ਨੇ ਹਾਮੀ ਭਰ ਦਿੱਤੀ ਤੇ ਅੱਜ ਕਵਿਤਾਂਜਲੀ ਦੀ ਕੈਟਾਗਰੀ ਸ਼ੁਰੂ ਕਰ ਲਈ ਹੈ।
ਇਹ ਕੈਟਾਗਰੀ ਸੁਰਜੀਤ ਜੀ ਦੀ ਹੈ। ਤੁਹਾਡੇ ਕੋਲ ਕੋਈ ਕਵਿਤਾ ਹੈ, ਜਾਂ ਕਵਿਤਾ ਨਾਲ ਸਬੰਧਿਤ ਕੋਈ ਆਰਟੀਕਲ ਹੈ ਤਾਂ ਤੁਸੀਂ ਸੁਰਜੀਤ ਜੀ ਨੂੰ ਭੇਜ ਸਕਦੇ ਹੋ। ਜੇ ਮੈਨੂੰ ਭੇਜੋਗੇ ਤਾਂ ਮੈ ਵੀ ਸੁਰਜੀਤ ਜੀ ਨੂੰ ਹੀ ਭੇਜਣੀ ਹੈ।
ਮੈ ਅਕਸਰ ਹੀ ਗੂਗਲ ਤੇ ਸਰਚ ਕਰਦਾ ਰਹਿੰਦਾ ਹਾਂ।ਕਈ ਵਾਰ ਤੇ ਸੋਚਿਆ ਵੀ ਨਹੀਂ ਹੁੰਦਾ ਕਿ ਮੈ ਲੱਭ ਕੀ ਰਿਹਾ ਹਾਂ।
ਅਚਾਨਕ ਦਿਮਾਗ਼ ਵਿਚ ਕੋਈ ਖ਼ਿਆਲ ਆ ਜਾਂਦਾ ਹੈ ਤਾਂ ਟੌਪਿਕ ਭਰ ਦਿੰਦਾ ਹਾਂ।
ਇੰਜ ਹੀ ਕੁਝ ਸਮਾਂ ਪਹਿਲਾਂ ਇੱਕ ਹੀਰਾ ਲੱਭਿਆ। ਪਤਾ ਨਹੀਂ ਕਿਸ ਦਾ ਲਿਖਿਆ ਹੋਇਆ ਹੈ ਲੇਖਕ ਦਾ ਨਾਮ ਨਹੀਂ ਜਾਂ ਲੇਖਕ ਨੇ ਨਾਮ ਦੱਸਣਾ ਜ਼ਰੂਰੀ ਨਹੀਂ ਸਮਝਿਆ।
ਬੇਟਾ ਆਪਣੇ ਬਾਪ ਨੂੰ ਪੁੱਛਦਾ ਹੈ,“ਡੈਡ ਮੈ ਕਦੇ ਤੈਨੂੰ ਰਵਾਇਆ ਹੈ?”
“ਹਾਂ ਬਚਪਨ ਵਿਚ ਇੱਕ ਵਾਰ, ਅੱਜ ਵੀ ਯਾਦ ਹੈ।”
“ਦੱਸੋ ਕੀ ਹੋਇਆ ਸੀ ਤੇ ਮੈ ਕੀ ਕੀਤਾ ਸੀ?”
“ਬੇਟਾ ਤੇਰੀ ਉਮਰ ਉਸ ਵੇਲੇ ਤਿੰਨ ਸਾਲ ਦੀ ਸੀ ਤੇ ਮੈ ਤੇਰੇ ਨਾਲ ਖੇਡ ਰਿਹਾ ਸੀ। ਮੈ ਜਾਣਨਾ ਚਾਹਿਆ ਕਿ ਤੈਨੂੰ ਕੀ ਪਸੰਦ ਹੈ? ਸ਼ਾਇਦ ਮੈ ਤੇਰੀ ਬੁਨਿਆਦੀ ਸੋਚ ਜਾਣਨਾ ਚਾਹੁੰਦਾ ਸੀ ਜੋ ਜਨਮ ਤੋਂ ਹੋਵੇ। ਮੈ ਤੇਰੇ ਅੱਗੇ ਕਲਮ, ਡਾਲਰ ਤੇ ਖਿਡੌਣਾ ਰੱਖ ਦਿੱਤਾ। ਮੈ ਤੈਨੂੰ ਕਿਹਾ ਕਿ ਇਨ੍ਹਾਂ ਵਿਚੋਂ ਇੱਕ ਚੁਣ ਲੈ।
ਜੇ ਤੂੰ ਕਲਮ ਚੁੱਕੇਂਗਾ ਤਾਂ ਇਸ ਦਾ ਮਤਲਬ ਹੋਵੇਗਾ ਕਿ ਤੂੰ ਵੱਡਾ ਹੋਕੇ ਸਿਆਣਾ ਬਣੇਗਾ। ਜੇ ਡਾਲਰ ਚੁੱਕੇਂਗਾ ਤਾਂ ਇਸ ਦਾ ਮਤਲਬ ਤੂੰ ਵਧੀਆ ਸਹੂਲਤਾਂ ਵਾਲੀ ਜ਼ਿੰਦਗੀ ਜੀਵੇਂਗਾ। ਜੇ ਖਿਡੌਣਾ ਚੁੱਕੇਂਗਾ ਤਾਂ ਮਤਲਬ ਕਿ ਤੂੰ ਸਿਰਫ਼ ਹਾਸਾ ਮਜ਼ਾਕ ਤੇ ਮਜ਼ੇ ਲੈਣ ਲਈ ਹੀ ਜ਼ਿੰਦਗੀ ਖ਼ਰਚ ਕਰੇਂਗਾ।”
“ਬੇਟੇ ਦੀ ਉਤਸੁਕਤਾ ਵਧ ਗਈ ਤੇ ਉਹ ਬੋਲਿਆ,“ਡੈਡ ਫੇਰ ਮੈ ਕੀ ਚੁਣਿਆ?”
“ਤੂੰ ਤਿੰਨਾਂ ਵਸਤਾਂ ਵੱਲ ਧਿਆਨ ਨਾਲ ਨੀਝ ਲਾਕੇ ਵੇਖਿਆ ਤੇ ਮੁਸਕਰਾ ਪਿਆ, ਫਿਰ ਤੂੰ ਰਿੜ ਪਿਆ ਤੇ ਸਾਰੀਆਂ ਵਸਤਾਂ ਨੂੰ ਬਾਂਹ ਨਾਲ ਹੂੰਝ ਕੇ ਪਰਾਂ ਕਰ ਦਿੱਤਾ ਤੇ ਮੇਰੀ ਗੋਦੀ ਵਿਚ ਚੜ ਕੇ ਕੰਧੇੜੀ ਚੜ੍ਹਨ ਲਈ ਹੰਭਲਾ ਮਾਰਿਆ।
ਤੇਰੀ ਇਸ ਹਰਕਤੀ-ਚੋਣ ਨਾਲ ਤੇ ਮੈ ਰੋ ਹੀ ਪਿਆ।”
ਜਿਸ ਤਰ੍ਹਾਂ ਸੁਰਜੀਤ ਨੇ ਦਿਲਚਸਪੀ ਵਿਖਾਈ ਹੈ,ਯਕੀਨ ਹੈ ਛੇਵਾਂ ਦਰਿਆ ਦੀ ਕਵਿਤਾਂਜਲੀ ਵੀ ਉਸ ਬੱਚੇ ਵਰਗੀ ਹੋਵੇਗੀ ਜੋ ਸਿਰਫ਼ ਦਿਲ ਦੀ ਸੁਣਦਾ ਹੈ।- ਕੁਲਜੀਤ ਮਾਨ

ਕਵਿਤਾਂਜਲੀ
ਸਾਹਿਤ ਦੇ ਸਾਰੇ ਰੂਪਾਂ ਦਾ ਆਪਣਾ ਆਪਣਾ ਮਹੱਤਵ ਹੁੰਦਾ ਹੈ ਪਰ ਕਾਵਿਕਾਰੀ ਨੂੰ ਹਮੇਸ਼ਾ ਸਿਰਮੌਰ ਮੰਨਿਆ ਗਿਆ ਹੈ। ਕਵਿਤਾ ਦਿਲ ਦੀ ਜ਼ੁਬਾਨ ਹੈ ਅਤੇ ਮੇਰਾ ਕਵਿਤਾ ਨਾਲ ਇਕ ਖਾਸ ਮੋਹ ਹੈ। ਕਵਿਤਾ ਮਨੁੱਖ ਦੇ ਅਵਚੇਤਨ ਦੀਆਂ ਡੂੰਘਾਈਆਂ ਵਿਚੋਂ ਉਪਜਦੀ ਹੈ ਤੇ ਪਾਠਕ ਮਨ ’ਤੇ ਮੇਘਲੇ ਵਾਂਗ ਬਰਸਦੀ ਸਰਸ਼ਾਰ ਕਰਦੀ ਜਾਂਦੀ ਹੈ। ਕਵਿਤਾ ਮਨੁੱਖੀ ਚੇਤਨਾ ਦੀਆਂ ਗਹਿਰਾਈਆਂ ਦੀ ਥਾਹ ਪਾਉਣ ਦੇ ਸਮਰੱਥ ਹੁੰਦੀ ਹੈ; ਉਸਦੇ ਅੰਦਰਲੇ ਤੇ ਬਾਹਰਲੇ ਸੰਸਾਰ ਨੂੰ ਉਜਾਗਰ ਕਰਦੀ ਹੈ। ਕਵਿਤਾ ਦੀ ਖੂਬਸੂਰਤ ਭਾਸ਼ਾ, ਅਲੰਕਾਰ ਤੇ ਬਿੰਬ-ਵਿਧਾਨ ਕਿਸੇ ਵੀ ਭਾਸ਼ਾ ਨੂੰ ਅਮੀਰ ਕਰਦੇ ਹਨ ਅਤੇ ਸੁਹਜ ਬਖਸ਼ਦੇ ਹਨ। ਇਸ ਦੀ ਕੋਮਲਤਾ ਮਨੁੱਖ ਨੂੰ ਸ਼ਾਲੀਨ ਬਣਾਉਣ ਵਿਚ ਸਹਾਈ ਹੁੰਦੀ ਹੈ ਇਸੇ ਲਈ ਹਰ ਵਰਗ ਦਾ ਸੰਵੇਦਨਸ਼ੀਲ ਮਨੁੱਖ ਕਾਵਿਕਾਰੀ ਕਰਦਾ ਆ ਰਿਹਾ ਹੈ। ਆਪਣੀ ਲੇਖਣੀ ਦੁਆਰਾ ਉਹ ਜਾਣੇ ਅਣਜਾਣੇ ਆਪਣੇ ਸਮੇਂ ਦੇ ਸਮਾਜ ਦਾ ਮੂੰਹ-ਮੁਹਾਂਦਰਾ ਵੀ ਚਿਤਰਦਾ ਜਾਂਦਾ ਹੈ। ‘ਬੰਸਰੀ’ ਖੂਬਸੂਰਤ ਕਵਿਤਾ ਨੂੰ ਪੇਸ਼ ਕਰਨ ਲਈ ਇਕ ਵਧੀਆ ਪਲੇਟਫਾਰਮ ਰਹੀ ਹੈ।
ਕਰੋਨਾਕਾਲ ਨੇ ਸਾਡੇ ਤੋਂ ਬਹੁਤ ਕੁਝ ਖੋਹ ਲਿਆ ਸੀ ਪਰ ਇਸ ਕਾਲ ਨੇ ਸਾਨੂੰ ਸੋਸ਼ਲ ਮੀਡੀਆ ਨਾਲ ਵਧੇਰੇ ਜੋੜ ਦਿੱਤਾ। ‘ਬੰਸਰੀ’ ਨੇ ਸੋਸ਼ਲ ਮੀਡੀਆ ’ਤੇ ਪਾਠਕਾਂ ਦੇ ਸਾਹਿਤ ਨਾਲ ਜੁੜੇ ਰਹਿਣ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਹੈ। ਪਾਠਕਾਂ ਦੇ ‘ਹਾਂ ਪੱਖੀ’ ਹੁੰਗਾਰੇ ਨੇ ਇਸਨੂੰ ਨਿਰੰਤਰ ਚੱਲਦੇ ਰਹਿਣ ਲਈ ਪ੍ਰੇਰਿਆ ਹੈ। ਕੁਲਜੀਤ ਮਾਨ ਸਾਡਾ ਵੱਡਾ ਗਲਪਕਾਰ ਹੈ, ਉਹ ਇਸਦੀ ਹਰ ਕੈਟੇਗਰੀ ਨੂੰ ਖਾਸ ਮਿਹਨਤ ਨਾਲ ਤਿਆਰ ਕਰਦਾ ਹੈ।
ਅੱਜ ਸੋਸ਼ਲ ਮੀਡੀਆ ਦੇ ਪ੍ਰਸਾਰ ਅਤੇ ਪਾਸਾਰ ਨਾਲ ਪੰਜਾਬੀ ਸਾਹਿਤ ਵਿਚ ਜਿਸ ਵਿਧਾ ਨੂੰ ਸਭ ਤੋਂ ਵੱਧ ਤਵੱਕੋਂ ਮਿਲੀ ਹੈ ਉਹ ਕਵਿਤਾ ਹੀ ਹੈ। ਕਈ ਵਾਰੀ ਨਵਿਆਂ ਵਿਸ਼ਿਆਂ ਨੂੰ ਮੁਖਾਤਿਬ ਨਵੀਂ ਕਵਿਤਾ ਪਾਠਕ ਨੂੰ ਹੈਰਾਨ ਵੀ ਕਰਦੀ ਹੈ। ਨਿਰਸੰਦੇਹ ਕਵਿਤਾ ਦਾ ਘੇਰਾ ਵਸੀਹ ਹੋਇਆ ਹੈ। ਇਕ ਅਜਿਹਾ ਦੌਰ ਆਇਆ ਸੀ ਕਿ ਕਵਿਤਾ ਕਿਸੇ ਬੁਝਾਰਤ ਵਾਂਗ ਪਾਠਕ ਦੇ ਸਿਰ ਉੱਤੋਂ ਦੀ ਨਿਕਲ ਜਾਂਦੀ ਸੀ ਪਰ ਹੁਣ ਇਹ ਵੇਖਣ ਵਿਚ ਆਇਆ ਹੈ ਕਿ ਕਵਿਤਾ ਜ਼ਿਆਦਾ ਸਰਲ ਤੇ ਸਪਸ਼ਟ ਹੁੰਦੀ ਜਾ ਰਹੀ ਹੈ। ਇਸਨੂੰ ਸ਼ਬਦਾਂ ਦੀਆਂ ਗੁੰਝਲਾਂ ਵਿਚ ਨਹੀਂ ਉਲਝਾਇਆ ਜਾ ਰਿਹਾ। ਕਵਿਤਾ ਸਰਲ ਅਤੇ ਸਪਸ਼ਟ ਹੀ ਹੋਣੀ ਚਾਹੀਦੀ ਹੈ ਤਾਂ ਕਿ ਕਵੀ ਆਪਣੇ ਪਾਠਕ ਨੂੰ ਡੂੰਘੀ ਤੋਂ ਡੂੰਘੀ ਗੱਲ ਸਾਦੇ ਤੇ ਸਰਲ ਤਰੀਕੇ ਨਾਲ ਸਮਝਾ ਜਾਵੇ।
ਇਸ ਗੱਲ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਕਵਿਤਾ ਦੇ ਨਾਂ ਤੇ ਅੱਜ ਕੱਚ-ਘੜੱਚ ਵੀ ਪਰੋਸਿਆ ਜਾ ਰਿਹਾ ਹੈ ਜੋ ਨਾ ਤਾਂ ਸੁਹਜ-ਸੁਆਦ ਦਿੰਦਾ ਹੈ ਅਤੇ ਨਾ ਹੀ ਕਵਿਤਾ ਦੀਆਂ ਲੀਹਾਂ ਤੇ ਤੁਰਦਾ ਜਾਪਦਾ ਹੈ। ਸੋਸ਼ਲ ਮੀਡੀਆ ਤੇ ਅਜਿਹੇ ਲੋਕ ਵਧੇਰੇ ਮਕਬੂਲ ਹੋ ਰਹੇ ਹਨ ਅਤੇ ਖੂਬ ਸ਼ੁਹਰਤ ਤੇ ਵਾਹ ਵਾਹ ਖੱਟ ਰਹੇ ਹਨ। ਕਈਆਂ ਨੇ ਤਾਂ ਕਵਿਤਾ ਨੂੰ ਆਪਣੇ ਆਪ ਨੂੰ ਲੋਕਾਂ ਵਿਚ ਮਸ਼ਹੂਰ ਹੋਣ ਦਾ ਮਾਧਿਅਮ ਬਣਾਇਆ ਹੋਇਆ ਹੈ। ਸਾਹਿਤ ਦੇ ਪ੍ਰਮੁੱਖ ਅਤੇ ਮੋਹਰੀ ਅਖਵਾਉਂਦੇ ਸਾਹਿਤਵੇਤਾਵਾਂ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਅਖੌਤੀ ਕਵੀਆਂ ਦੀਆਂ ਕੱਚੀਆਂ-ਪਿੱਲੀਆਂ ਕਵਿਤਾਵਾਂ ਦੀਆਂ ਕਿਤਾਬਾਂ ਦੇ ਮੁਖਬੰਧ ਲਿਖ ਕੇ ਉਨ੍ਹਾਂ ਨੂੰ ਪ੍ਰਮੋਟ ਕਰਨ ਦੀ ਬਜਾਇ ਅਜਿਹੇ ਸਾਹਿਤ ਦੀ ਨਿਖੇਧੀ ਕਰਨ ਤਾਂ ਕਿ ਕਵਿਤਾ ਦਾ ਮੂੰਹ-ਮੁਹਾਂਦਰਾ ਹੋਰ ਨਿੱਖਰ ਸਕੇ। ਕਦੇ ਇੰਝ ਵੀ ਹੁੰਦਾ ਰਿਹਾ ਹੈ ਕਿ ਪਰਚਿਆਂ ਦੇ ਐਡੀਟਰ ਕਿਸੇ ਰਚਨਾ ਦੇ ਮਿਆਰੀ ਨਾ ਹੋਣ ਤੇ ਪਰਚੇ ਵਿਚ ਛਾਪਣ ਦੀ ਬਜਾਇ ਲੇਖਕ ਨੂੰ ਮੋੜ ਦਿੰਦੇ ਸਨ ਜਿਸ ਨਾਲ ਲੇਖਕ ਹੋਰ ਮਿਹਨਤ ਕਰਕੇ ਆਪਣੀ ਲੇਖਣੀ ਨੂੰ ਨਿਖਾਰਨ ਦਾ ਯਤਨ ਕਰਦਾ ਸੀ। ‘ਬੰਸਰੀ’ ਦੀ ਕੋਸ਼ਿਸ਼ ਹੈ ਮਿਆਰੀ ਕਵਿਤਾ ਪਾਠਕਾਂ ਤੱਕ ਪਹੁੰਚਾਈ ਜਾਵੇ।
ਸੁਰਜੀਤ/ਟੋਰਾਂਟੋ
surjitk33@gmail.com
ਉਜ਼ਮਾ ਮਹਿਮੂਦ
ਉਜ਼ਮਾ ਮਹਿਮੂਦ ਟੋਰਾਂਟੋ ਦੇ ਅਦਬੀ ਹਲਕਿਆਂ ਦੀ ਇਕ ਜਾਣੀ ਪਹਿਚਾਣੀ ਸ਼ਖ਼ਸੀਅਤ ਹੈ। ਉਜ਼ਮਾ ਮਹਿਮੂਦ ਦਾ ਤਾਅਲੁੱਕ ਪਾਕਿਸਤਾਨ ਦੇ ਸ਼ਹਿਰ ਲਾਹੌਰ ਨਾਲ ਏ। ਪਿਛਲੇ ਵੀਹ ਵਰ੍ਹਿਆਂ ਤੋਂ ਉਹ ਟੋਰਾਂਟੋ ਕੈਨੇਡਾ ਵਿੱਚ ਰਹਿ ਰਹੀ ਹੈ । ਉਰਦੂ ਤੇ ਪੰਜਾਬੀ ਦੋਵਾਂ ਜ਼ਬਾਨਾਂ ਵਿਚ ਸ਼ਾਇਰੀ ਤੇ ਵਾਰਤਕ ਲਿਖਦੀ ਹੈ । ਉਸ ਦੀ ਸ਼ਾਇਰੀ ਤੇ ਕਹਾਣੀਆਂ ਦੋਹਾਂ ਜ਼ੁਬਾਨਾਂ ਦੇ ਨਾਮਵਰ ਅਦਬੀ ਰਸਾਲਿਆਂ ‘ਚ ਛਪਦੀਆਂ ਰਹਿੰਦੀਆਂ ਹਨ।
੧.
ਕਿਸੇ ਪਿਆਰ ਭੁੱਲੇਖੇ ਵਿਚ ਆਕੇ ਅਸੀਂ ਅਪਣਾ ਆਪ ਗੰਵਾ ਬੈਠੇ
ਮਿੱਟੀ ਵਿਚ ਰੁਲਦੇ ਨਾਵਾਂ ਨੂੰ ਅਸੀਂ ਸਿਰ ਦਾ ਤਾਜ ਬਣਾ ਬੈਠੇ
ਇਹ ਹੋਰ ਕਿਸੇ ਦਾ ਦੋਸ਼ ਨਹੀਂ ਏ ਸਾਡੀ ਆਪਣੀ ਗ਼ਲਤੀ ਸੀ
ਜਿਹੜਾ ਰਾਹ ਵਿਚ ਸਾਨੂੰ ਛੱਡ ਗਿਆ ਫ਼ਿਰ ਓਹਦੇ ਦਰ ਤੇ ਜਾ ਬੈਠੇ
ਹੁਣ ਦੁਨੀਆ ਦੁਨੀਆ ਕੀ ਕਰੀਏ ਸਾਨੂੰ ਲੋੜ ਨਹੀਂ ਕੋਈ ਦੁਨੀਆ ਦੀ
ਤੂੰ ਮਾਲਿਕ ਅਰਸ਼ਾਂ ਫ਼ਰਸ਼ਾਂ ਦਾ ਤੇਰੇ ਦਰ ਤੇ ਸੀਸ ਨਿਵਾ ਬੈਠੇ
ਇਹ ਮੋਹ ਮਾਇਆ ਦਾ ਜਾਲ਼ ਏ ਬੱਸ ਇਹਦਾ ਅਜ਼ਮਾਈ ਇਹੋ ਹਾਲ ਏ ਕਦੀ ਚੈਨ ਨਹੀਂ ਪਾਂਦੇ ਦੁਨੀਆ ਤੇ ਜਿਹੜੇ ਦਿਲ ਦੁਨੀਆ ਨਾਲ਼ ਲਾ ਬੈਠੇ .
੨. ਮੌਸਮ
ਹਰ ਮੌਸਮ ਦਾ ਆਪਣਾ ਰੰਗ ਹੈ
ਆਪਣਾ ਢੰਗ ਹੈ
ਆਪਣੀ ਟੋਰ
ਦਿਲ ਦੇ ਮੌਸਮ ਸਾਰੇ ਸੱਚੇ
ਸਾਰੇ ਰੰਗ ਨਕੋਰ
ਵਸਲ ਦੀ ਸ਼ਬ ਮੈਨੂੰ ਵਆਕੁਲ ਕੀਤਾ
ਜੀਵੰਦਿਆਂ ਜੀਅ ਦਰ ਗੋਰ
ਵਖ਼ਤ ਆਪਣੇ ਦੀ ਗੱਲ ਨਾ ਸੁਣਦੀ
ਲੈ ਗਿਆ ਦਿਲ ਚਿੱਤ ਚੋਰ
ਮੁੱਖ ਸੱਜਣਾਂ ਦਾ ਵੇਖ ਕੇ ਜੀਵਾਂ
ਬਦਲ ਜਾਵੇ ਮੇਰੀ ਟੋਰ
ਹਿਜਰ ਭੁਲੇਖੇ ਪੈ ਕੇ
ਉਜ਼ਮਾ ਹੋ ਗਈ ਹੋਰ ਦੀ ਹੋਰ
ਵਿਛੋੜਾ
ਉਮਰਾਂ ਹੋਈਆਂ ਅਸੀਂ ਵਿਛੜੇ
ਕਦੋਂ ਤੂੰ ਪਲਟਕੇ ਮੇਰੇ ਦੁਆਰੇ ਆਵੇਂਗਾ
ਬੁਝੀਆਂ ਆਸਾਂ ਦੇ ਦੀਪ ਜਗਾਵੇਂਗਾ
ਵਕਤ ਦੀ ਕਬਰੇ ਗੱਡੀਆਂ
ਯਾਦਾਂ ਦੇ ਹੱਡ ਫੋਲੇਂਗਾ
ਜਿਵੇਂ ਕੋਈ ਕਿਸੇ ਨੂੰ
ਬਚਪਨ ਦੀਆਂ ਯਾਦਾਂ ਯਾਦ ਦਵਾਵੇ
ਗੁਜ਼ਰੇ ਦਿਨਾਂ ਦੀ ਬੱਝੀ ਗੰਢ ਖੁੱਲ੍ਹਾਵੇ
ਹਵਸ ਹਿਰਸ ਦੀ ਮੌਤ ਦੇ ਬਾਝੋਂ
ਸੱਚੇ ਪਿਆਰ ਦੇ ਪਿੰਡੇ ਅੰਦਰ
ਸੁੱਚਾ ਰਿਸ਼ਤਾ ਆਣ ਜਗਾਵੇ
ਮੈਂ ਤੈਨੂੰ ਉਡੀਕਦੀ
ਦਹਿਲ਼ੀਜ਼ ਤੇ ਖੜੀ ਮਿਲਾਂਗੀ।
ਗੁੱਝੀ ਪੀੜ
ਜਦੋਂ ਵੀ ਮੈਂ
ਲਿਖਣ ਵਾਸਤੇ ਕਲਮ ਫੜਦੀ ਹਾਂ
ਤੇ ਮੇਰੀਆਂ ਸੋਚਾਂ
ਜ਼ਖ਼ਮ ਤੋਂ ਰਿਸਦੇ ਹੋਏ
ਲਹੂ ਦੇ ਕਤਰਿਆਂ ਵਾਂਗ
ਟੱਪ ਟੱਪ ਕਰਕੇ
ਕਾਗ਼ਜ਼ ਦੀ ਤਲ਼ੀ ਤੇ
ਖਿਲਰ ਜਾਂਦੀਆਂ ਨੇਂ
ਤੇ ਅਣਗਿਣਤ ਕਹਾਣੀਆਂ ਦਾ
ਰੂਪ ਧਾਰ ਲੈਂਦੀਆਂ ਨੇਂ
ਮੈਂ ਸੋਚਦੀ ਹਾਂ
ਇਹ ਸੋਚਾਂ ਦੇ ਕਤਰੇ ਕਿਥੋਂ ਆਉਂਦੇ ਨੇਂ?
ਸ਼ਾਇਦ ਮੇਰੇ ਅੰਦਰ ਕੁੱਝ ਟੁੱਟ ਗਿਆ ਹੇ
ਜਿਸਦੀਆਂ ਕਿਰਚਾਂ ਕਿੱਲਾਂ ਬਣ ਕੇ
ਮੇਰੀ ਰੂਹ ਵਿਚ ਖੁੱਭ ਗਈਆਂ ਨੇ
ਮੇਰੀਆਂ ਕਹਾਣੀਆਂ ਤੇ ਕਵਿਤਾਵਾਂ ਵਿਚ
ਇੱਕ ਵੱਖਰਾ ਜਿਹਾ ਦਰਦ ਭਰਦਾ ਜਾ ਰਿਹਾ ਹੈ
ਵਕਤ ਦਾ ਪਹੀਆ ਚਲਦਾ ਜਾ ਰਿਹਾ ਹੈ

Leave a comment